ਅਸ਼ਵਿੰਦਰ ਸਿੰਘ, ਬਨੂੜ

ਜੰਗਪੁਰਾ ਦੇ ਨੌਜਵਾਨ ਕਬੀਰ ਸਿੰਘ ਨੇ ਨਿਊਜ਼ੀਲੈਂਡ ਦੀ ਡਿਫੈਂਸ ਅਕੈਡਮੀ ਦਾ ਇਮਤਿਹਾਨ ਪਾਸ ਕਰਕੇ ਫੌਜ ਵਿਚ ਦਾਖਲਾ ਲਿਆ ਹੈ। ਉਹ ਬਚਪਨ ਤੋਂ ਆਪਣੇ ਪਿਤਾ ਪਰਮਿੰਦਰ ਸਿੰਘ ਅਤੇ ਮਾਤਾ ਸਿਮਰਨ ਕੌਰ ਨਾਲ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਰਹਿ ਰਿਹਾ ਹੈ। ਨੌਜਵਾਨ ਦੀ ਇਸ ਪ੍ਰਰਾਪਤੀ ਉੱਤੇ ਉਸ ਦੇ ਜੱਦੀ ਪਿੰਡ ਜੰਗਪੁਰਾ ਤੇ ਬਨੂੜ ਵਿਖੇ ਖੁਸ਼ੀ ਦੀ ਲਹਿਰ ਹੈ ਤੇ ਪਿੰਡ ਵਾਸੀ ਉਸਦੇ ਦਾਦਾ ਕੈਪਟਨ ਜਗਜੀਤ ਸਿੰਘ ਤੇ ਦਾਦੀ ਸਮਿੰਦਰ ਕੌਰ ਨੂੰ ਵਧਾਈਆਂ ਦੇ ਰਹੇ ਹਨ।

ਕਬੀਰ ਸਿੰਘ ਦੀ ਬਚਪਨ ਤੋਂ ਹੀ ਫੌਜ ਵਿਚ ਜਾਣ ਦੀ ਇੱਛਾ ਸੀ। ਉਸ ਦਾ ਪੜਦਾਦਾ ਬਸੰਤ ਸਿੰਘ ਅਤੇ ਦਾਦਾ ਕੈਪਟਨ ਜਗਜੀਤ ਸਿੰਘ ਭਾਰਤੀ ਫੌਜ ਵਿਚ ਸੇਵਾਵਾਂ ਨਿਭਾ ਚੁੱਕੇ ਹਨ। ਕਬੀਰ ਦੇ ਦਾਦੇ ਨੇ ਦੱਸਿਆ ਕਿ ਉਸਨੇ ਆਕਲੈਂਡ ਤੋਂ 12ਵੀਂ ਦੀ ਪੜ੍ਹਾਈ ਮੁਕੰਮਲ ਕਰਦਿਆਂ ਹੀ ਫੌਜ ਵਿਚ ਜਾਣ ਲਈ ਲੋੜੀਂਦੀ ਪੜਾਈ ਅਰੰਭ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਡਿਫੈਂਸ ਅਕੈਡਮੀ ਦਾ ਇਮਤਿਹਾਨ ਪਾਸ ਕਰ ਕੇ ਉਨ੍ਹਾਂ ਆਪਣੀ ਫੌਜ ਵਿਚ ਜਾਣ ਦੀ ਇੱਛਾ ਪੂਰੀ ਕਰ ਲਈ। ਉਨ੍ਹਾਂ ਦੱਸਿਆ ਕਿ ਕਬੀਰ ਸਿੰਘ ਇਸ ਸਮੇਂ ਫੌਜੀ ਸੇਵਾਵਾਂ ਲਈ ਲੋੜੀਂਦੀ ਟਰੇਨਿੰਗ ਹਾਸਿਲ ਕਰ ਰਿਹਾ ਹੈ।