ਜਸਪਾਲ ਸਿੰਗਲਾ, ਪਾਤੜਾਂ

ਬੁੱਧਵਾਰ ਸਵੇਰੇ ਸੰਗਰੂਰ-ਦਿੱਲੀ ਕੌਮੀ ਮਾਰਗ 'ਤੇ ਪਿੰਡ ਸ਼ੁਤਰਾਣਾ ਦੇ ਨਜ਼ਦੀਕ ਇੱਕ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਦੇ ਚਾਲਕ ਵਲੋਂ ਵੱਡੀ ਅਣਗਹਿਲੀ ਵਰਤਣ ਦੀ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਵਲੋਂ ਸਕੂਲ ਬੱਸ ਦਾ ਚਲਾਨ ਕੱਟ ਦਿੱਤਾ ਗਿਆ ਹੈ। ਸਕੂਲ ਪ੍ਰਸ਼ਾਸਨ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਡਰਾਇਵਰ ਨੰੂ ਨੌਕਰੀਓਂ ਕੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤੜਕਸਾਰ ਪੈ ਰਹੀ ਧੁੰਦ ਦੇ ਮੌਸਮ ਵਿਚ ਉਕਤ ਡਰਾਇਵਰ 30 ਬੱਚਿਆਂ ਨਾਲ ਭਰੀ ਬੱਸ ਨੰੂ ਰੋਡ ਦੀ ਉਲਟ ਸਾਈਡ ਤੇਜ਼ੀ ਨਾਲ ਚਲਾ ਰਿਹਾ ਸੀ, ਜਿਸ ਦੀ ਇਕ ਆਮ ਵਿਅਕਤੀ ਵਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਬੁੱਧਵਾਰ ਨੰੂ ਇਕ ਨਿੱਜੀ ਸਕੂਲ ਬੱਸ ਦੀ ਵੀਡਿਓ ਵਾਇਰਲ ਹੋਣ ਤੋਂ ਤਰੰਤ ਬਾਅਦ ਸਕੂਲ ਪ੍ਰਬੰਧਕਾਂ ਨੇ ਥਾਣਾ ਪਾਤੜਾਂ ਨੰੂ ਲਿਖਤ ਸ਼ਿਕਾਇਤ ਕਰਕੇ ਡਰਾਇਵਰ ਸਤਨਾਮ ਸਿੰਘ ਵਾਸੀ ਗੋਬਿੰਦਪੁਰਾ ਦੇ ਖਿਲਾਫ਼ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ 'ਤੇ ਕਾਰਵਾਈ ਕਰਦਿਆਂ ਟੈ੍ਫਿਕ ਪੁਲਿਸ ਪਾਤੜਾਂ ਨੇ ਬੱਸ ਚਾਲਕ ਦੇ ਖਿਲਾਫ ਕਾਰਵਾਈ ਕਰਦਿਆਂ ਨਿਯਮਾਂ ਦੀ ਉਲੰਘਣਾ ਕਰਨ ਤੇ ਕਾਰਵਾਈ ਕਰਦਿਆਂ ਬੱਸ ਦਾ ਚਾਲਾਨ ਕੱਟ ਦਿੱਤਾ, ਉਥੇ ਹੀ ਸਕੂਲ ਵਲੋਂ ਡਰਾਇਵਰ ਨੰੂ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਸਬੰਧੀ ਟੈ੍ਹਫਿਕ ਪੁਲਿਸ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਗਲਤ ਦਿਸ਼ਾ ਤੇ ਤੇਜ਼ ਰਫਵਾਰ ਨਾਲ ਬੱਸ ਚਲਾਉਣ ਤੇ ਬੱਸ ਦਾ ਚਾਲਾਨ ਕੱਟ ਦਿੱਤਾ ਹੈ। ਉਥੇ ਹੀ ਕਿਸੇ ਵੀ ਸਕੂਲ ਜਾਂ ਹੋਰ ਵਹੀਕਲ ਵਲੋਂ ਵਰਤੀ ਜਾਣ ਵਾਲੀ ਅਣਗਿਹਲੀ ਨੰੂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੂਲ ਪਿ੍ਰੰਸੀਪਲ ਨੰੂ ਵੀ ਸਖ਼ਤ ਹਦਇਤਾ ਜਾਰੀ ਕੀਤੀਆਂ ਹਨ ਅਤੇ ਸਕੂਲ ਵਿਚ ਸੈਮੀਨਾਰ ਕਰਵਾ ਕੇ ਬੱਸ ਚਾਲਕਾਂ ਨੰੂ ਵੀ ਹਦਾਇਤਾ ਜਾਰੀ ਕੀਤੀਆ ਜਾਣਗੀਆਂ। ਇਸ ਸਬੰਧੀ ਸਕੂਲ ਪਿ੍ਰਸੀਪਲ ਰੇਣੂ ਸ਼ਰਮਾ ਨੇ ਕਿਹਾ ਕਿ ਵੀਡਿਓ ਦਾ ਪਤਾ ਲੱਗਣ ਤੋਂ ਤਰੰਤ ਇਸ ਦੀ ਸ਼ਿਕਾਇਤ ਪੁਲਿਸ ਨੰੂ ਦੇ ਕੇ ਡਰਾਇਵਰ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਸਕੂਲ ਵਲੋਂ ਡਰਾਇਵਰ ਨੰੂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੰੂ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

----

ਗ਼ਲਤ ਦਿਸ਼ਾ 'ਚ ਚਲਾਈ 30 ਬੱਚਿਆਂ ਨਾਲ ਭਰੀ ਬੱਸ

ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਧੁੰਦ ਦੇ ਮੌਸਮ ਵਿਚ ਉਕਤ ਬੱਸ ਦਾ ਡਰਾਇਵਰ ਬਹੁਤ ਤੇਜ਼ ਰਫ਼ਤਾਰ ਨਾਲ ਬੱਸ ਨੰੂ ਰੋਡ ਦੇ ਗਲਤ ਪਾਸੇ ਚਲਾ ਰਿਹਾ ਹੈ। ਅਜਿਹੇ ਵਿਚ ਜੇਕਰ ਅੱਗਿਓਂ ਆ ਰਿਹਾ ਕੋਈ ਵੀ ਵਾਹਨ ਬੱਸ ਨਾਲ ਟਕਰਾ ਜਾਂਦਾ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਸੀ। ਦੱਸਣ ਯੋਗ ਹੈ ਕਿ ਧੰੁਦ ਦੇ ਮੌਸਮ 'ਚ ਕੌਮੀ ਮਾਰਗ ਦੇ ਉਲਟ ਸਾਈਡ ਸਕੂਲ ਬੱਸ ਦਾ ਡਰਾਈਵਰ ਤੇਜ਼ੀ ਨਾਲ ਚਲਾ ਰਿਹਾ ਸੀ 30 ਬੱਚਿਆਂ ਨਾਲ ਭਰੀ ਬੱਸ।