ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਪੰਜਾਬੀ 'ਵਰਸਿਟੀ ਵਿਖੇ ਖੋਜਾਰਥੀਆਂ ਵੱਲੋਂ ਸਰਕਾਰੀ ਕਾਲਜਾਂ 'ਚ ਪੱਕੀ ਭਰਤੀ ਦੀ ਮੰਗ ਲਈ ਡਿਗਰੀ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਮੁਜ਼ਾਹਰਾ ਵਿਦਿਆਰਥੀਆਂ, ਖੋਜਾਰਥੀਆਂ ਤੇ ਸਰਕਾਰੀ ਕਾਲਜ ਬਚਾਓ ਮੰਚ ਵੱਲੋਂ ਕੀਤਾ ਗਿਆ। ਇਸ ਮੌਕੇ ਸਕਾਲਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਸਕਾਲਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਪਗ 25 ਸਾਲਾਂ ਤੋਂ ਸਰਕਾਰੀ ਕਾਲਜਾਂ 'ਚ ਖਾਲੀ ਪਈਆਂ ਅਸਾਮੀਆਂ ਬਿਲਕੁਲ ਵੀ ਭਰੀਆਂ ਨਹੀਂ ਜਾ ਰਹੀਆਂ ਹਨ। ਜਿਸ ਕਾਰਨ ਪੜ੍ਹੇ ਲਿਖੇ ਨੌਜਵਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤਕ ਉਹ ਸੰਘਰਸ਼ ਕਰਦੇ ਰਹਿਣਗੇ।

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਖੋਜਾਰਥੀ ਰਣਜੀਤ ਸਿੰਘ, ਰਘੁਬੀਰ ਸਿੰਘ, ਨਿਰਭੈ ਸਿੰਘ, ਅਮਨਦੀਪ ਸਿੰਘ ਆਦਿ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿਚ ਪੋ੍ਫੈਸਰਾਂ ਦੀਆਂ 1550 ਦੇ ਕਰੀਬ ਖਾਲੀ ਪਈਆਂ ਅਸਾਮੀਆਂ ਨੂੰ ਸਰਕਾਰ ਦੁਆਰਾ ਨਾ ਭਰਨ ਕਰਕੇ ਉੱਚ ਸਿੱਖਿਆ 'ਚ ਕਾਫ਼ੀ ਨਿਘਾਰ ਆ ਚੁੱਕਾ ਹੈ। ਹਾਲਾਤ ਇੰਨੇ ਮਾੜੇ ਹਨ ਕਿ ਪੰਜਾਬ ਦੇ 48 ਸਰਕਾਰੀ ਕਾਲਜਾਂ 'ਚ ਮਾਤ ਭਾਸ਼ਾ ਪੰਜਾਬੀ ਦੇ ਸਿਰਫ਼ 18 ਰੈਗੂਲਰ ਪੋ੍ਫੈਸਰ ਹਨ। ਵੀਰਵਾਰ ਨੂੰ ਇਸ ਰੋਸ ਮੁਜ਼ਾਹਰੇ ਦੀ ਯੋਜਨਾ 'ਚ ਪੰਜਾਬ ਦੇ ਯੋਗਤਾ ਪ੍ਰਰਾਪਤ ਨੈੱਟ ਪਾਸ ਤੇ ਪੀਐੱਚਡੀ ਯੋਗਤਾ ਪ੍ਰਰਾਪਤ ਕੀਤੇ ਹੋਏ ਨੌਜਵਾਨ ਨੇ ਆਪਣਾ ਪੱਖ ਵੀ ਰੱਖਿਆ। ਉਨ੍ਹਾਂ ਕਿਹਾ ਕਿ ਇਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸਰਕਾਰੀ ਕਾਲਜ ਪੰਜਾਬ ਦੇ ਪੇਂਡੂ ਖੇਤਰ ਸਧਾਰਨ ਪਰਿਵਾਰਾਂ ਦੇ ਬੱਚਿਆਂ ਤੇ ਗ਼ਰੀਬ ਵਰਗ ਦੇ ਲਈ ਜਿੱਥੇ ਵਰਦਾਨ ਹਨ ਉੱਥੇ ਹੀ ਇਸ ਵਰਦਾਨ ਨੂੰ ਸਰਕਾਰਾਂ ਲੰਮੇ ਸਮੇਂ ਤੋਂ ਖੋਹ ਰਹੀਆਂ ਹਨ। ਸਰਕਾਰੀ ਕਾਲਜ ਬਚਾਓ ਮੰਚ ਦੀ ਇਹ ਹੀ ਪ੍ਰਮੁੱਖ ਮੰਗ ਹੈ ਕਿ 25 ਸਾਲਾਂ ਤੋਂ ਬੰਦ ਭਰਤੀ ਖੋਲ੍ਹੀ ਜਾਵੇ ਤੇ ਰੈਗੂਲਰ ਅਸਾਮੀਆਂ ਭਰੀਆਂ ਜਾਣ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਪ੍ਰਰਾਪਤ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰ ਹੋ ਕੇ ਸੜਕਾਂ 'ਤੇ ਨਾ ਭਟਕਦੇ ਫਿਰਨ। ਉਨ੍ਹਾਂ ਕਿਹਾ ਕਿ ਇਸ ਤੋਂ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ 'ਚ ਯੂਜੀਸੀ ਨੈੱਟ ਤੇ ਪੀਐੱਚਡੀ ਵਰਗੀਆਂ ਯੋਗਤਾਵਾਂ ਪ੍ਰਰਾਪਤ ਕਰਨ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਰੋਸ ਮੁਜ਼ਾਹਰੇ ਕਰਨੇ ਪੈ ਰਹੇ ਹਨ। ਉਨ੍ਹਾਂ ਦੀ ਜਗ੍ਹਾ ਸੜਕਾਂ 'ਤੇ ਮੁਜ਼ਾਹਰੇ ਕਰਨ ਦੀ ਨਹੀਂ ਸਗੋਂ ਕਲਾਸਾਂ ਕਾਲਜਾਂ ਦੇ ਕੈਂਪਸਾਂ ਵਿਚ ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਕਰਨ ਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਜਲਦ ਲਾਗੂ ਨਾ ਕੀਤੀਆਂ ਗਈਆਂ ਤਾਂ ਉਹ ਮੁੜ ਜ਼ੋਰਦਾਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇੇ।