ਐੱਚਐੱਸ ਸੈਣੀ, ਰਾਜਪੁਰਾ : ਰਾਜਪੁਰਾ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਅੱਜ ਓਵਰ ਬ੍ਰਿਜ ਹੇਠਾਂ ਸੱਚਖੰਡ ਐਕਸਪ੍ਰੈੱਸ ਰੇਲ ਗੱਡੀ ਦੇ ਬਰੇਕ ਲੈਦਰ ਜਾਮ ਹੋ ਗਏ, ਜਿਸ ਕਾਰਨ ਬਰੇਕ ਲੈਦਰਾਂ 'ਚੋਂ ਚੰਗਿਆੜੀਆਂ ਤੇ ਧੂੰਆਂ ਨਿਕਲਣ ਲੱਗਾ। ਚਾਲਕ ਵੱਲੋਂ ਰੇਲ ਗੱਡੀ ਨੂੰ ਤੁਰੰਤ ਰੋਕਣ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ। ਰੇਲਵੇ ਵਿਭਾਗ ਦੇ ਤਕਨੀਕੀ ਮਾਹਰਾਂ ਦੀ ਜਾਂਚ ਤੋਂ ਬਾਅਦ ਰੇਲ ਗੱਡੀ ਨੂੰ 1 ਘੰਟੇ ਬਾਅਦ ਅਗਲੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ।

ਸਟੇਸ਼ਨ ਸੁਪਰਡੈਂਟ ਅਸ਼ੋਕ ਆਰੀਆ ਨੇ ਦੱਸਿਆ ਕਿ ਹਜੂਰ ਸਾਹਿਬ ਨਾਂਦੇੜ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ ਰੇਲ ਗੱਡੀ ਜਦੋਂ ਅੰਬਾਲਾ ਵਾਲੇ ਪਾਸਿਓਂ ਰਾਜਪੁਰਾ ਰੇਲਵੇ ਜੰਕਸ਼ਨ ਵੱਲ ਕਰੀਬ 4:20 ਵਜੇ ਆ ਰਹੀ ਸੀ ਤਾਂ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਓਵਰ ਬ੍ਰਿਜ ਹੇਠਾਂ ਰੇਲਗੱਡੀ ਕੋਚ ਏਸੀ ਏ-1 ਦੇ ਪਹੀਆਂ ਵਿਚੋਂ ਚੰਗਿਆੜੀਆਂ ਤੇ ਧੂਆਂ ਨਿਕਲਣ ਲੱਗਾ। ਗੱਡੀ ਦੇ ਪਹੀਏ ਜਾਮ ਹੁੰਦੇ ਵੇਖ ਰੇਲਗੱਡੀ ਚਾਲਕ ਨੇ ਗੱਡੀ ਨੂੰ ਤੁਰੰਤ ਰੋਕ ਲਿਆ। ਇਸ ਮੌਕੇ ਜੀਆਰਪੀ ਰੇਲਵੇ ਪੁਲਿਸ ਚੌਕੀ ਇੰਚਾਰਜ ਮਨਜੀਤ ਸਿੰਘ ਏਐੱਸਆਈ ਦਿਲਬਾਗ ਸਿੰਘ, ਏਐੱਸਆਈ ਬਲਦੇਵ ਸਿੰਘ, ਮੁਨਸ਼ੀ ਸੁੱਚਾ ਸਿੰਘ ਤੇ ਤਕਨੀਕੀ ਮਾਹਰਾਂ ਨਾਲ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਰੇਲਵੇ ਵਿਭਾਗ ਦੇ ਤਕਨੀਕੀ ਮਾਹਰਾਂ ਨੇ ਦੇਖਿਆ ਕਿ ਬਰੇਕਾਂ ਦੇ ਲੈਦਰ ਜਾਮ ਹੋਣ ਕਾਰਨ ਇਹ ਨੁਕਸ ਸਾਹਮਣੇ ਆਇਆ ਹੈ। ਤਕਨੀਕੀ ਮਾਹਰਾਂ ਵੱਲੋਂ ਨੁਕਸ ਨੂੰ ਠੀਕ ਕਰ ਕੇ ਰੇਲ ਗੱਡੀ ਨੂੰ 5:15 ਸ਼ਾਮ ਨੂੰ ਲੁਧਿਆਣਾ ਵੱਲ ਰਵਾਨਾ ਕੀਤਾ ਗਿਆ।