ਐੱਚਐੱਸ ਸੈਣੀ, ਰਾਜਪੁਰਾ: ਕਿ੍ਕਟ ਆਈਪੀਐਲ ਮੈਚਾਂ 'ਤੇ ਆਨਲਾਈਨ ਦੜਾ ਸੱਟਾ ਲਾਉਣ ਵਾਲੇ ਮੁੱਖ ਸਰਗਨਾ ਰੌਕੀ ਤੋਂ 32 ਬੋਰ ਦੇ ਨਾਜਾਇਜ਼ ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਰੌਕੀ 'ਤੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਲਜ਼ਮ ਪਟਿਆਲਾ ਪੁਲਿਸ ਨੇ ਸੋਮਵਾਰ ਨੂੰ ਹਿਰਾਸਤ ਵਿਚ ਲਿਆ ਸੀ।

ਇਸ ਬਾਰੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਰੌਕੀ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਤੋਂ ਇਸ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਰੌਕੀ ਕੋਲੋਂ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਤੇ ਕੇਵਲ ਕ੍ਰਿਸ਼ਨ ਦੀ ਪੁਲਿਸ ਪਾਰਟੀ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਆਨਲਾਈਨ ਦੜੇ ਸੱਟੇ ਦੇ ਕਾਰੋਬਾਰ ਨੂੰ ਵਧਾਉਣ ਤੇ ਲੋਕਾਂ 'ਚ ਰੌਅਬ ਪਾਉਣ ਲਈ ਦੋ ਲਾਇਸੈਂਸੀ ਪਿਸਤੌਲ ਖ਼ਰੀਦੇ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ 32 ਬੋਰ ਰਿਵਾਲਵਰ ਤੇ ਉਸਦੇ ਲਾਇਸੈਂਸ 'ਤੇ 25 ਰੌਂਦ ਤੇ ਇਕ 32 ਬੋਰ ਪਿਸਟਲ 'ਤੇ 25 ਰੌਂਦ ਚੜ੍ਹੇ ਹੋਏ ਹਨ। ਇਸ ਦੇ ਬਾਵਜੂਦ ਰੌਕੀ ਨੇ ਗ਼ੈਰ ਕਾਨੂੰਨੀ ਢੰਗ ਨਾਲ ਨਾਜਾਇਜ਼ 31 ਜਿੰਦਾ ਰੌਂਦ ਆਪਣੇ ਕੋਲ ਰੱਖੇ ਹੋਏ ਹਨ ਤਾਂ ਜੋ ਇੱਛਾ ਮੁਤਾਬਕ ਕਿਤੇ ਵੀ ਹਥਿਆਰ ਦੀ ਵਰਤੋਂ ਕਰ ਲਵੇ ਤੇ ਆਸਲਾ ਲਾਇਸੈਂਸ 'ਤੇ ਚੜ੍ਹੇ ਹੋਏ ਰੌਂਦ ਪੂਰੇ ਰਹਿਣ 'ਤੇ ਉਹ ਆਪਣੇ ਹਥਿਆਰਾਂ ਦੇ 25-25 ਰੌਂਦ ਕੁਲ 50 ਰੌਂਦ ਦਿਖਾ ਕੇ ਖ਼ੁਦ ਸਾਫ਼ ਬਣਿਆ ਰਹਿ ਸਕੇ। ਉਨ੍ਹਾਂ ਦੱਸਿਆ ਕਿ ਰੌਕੀ ਕੋਲੋਂ 32 ਬੋਰ ਦੇ ਨਾਜਾਇਜ਼ ਰੌਂਦ ਬਰਾਮਦ ਹੋਣ 'ਤੇ ਇਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ।

ਐੱਸਐੱਸਪੀ ਨੇ ਦੱਸਿਆ ਕਿ ਰੌਕੀ ਕੋਲੋਂ 32 ਬੋਰ ਪਿਸਤੌਲ ਦੇ 25 ਰੌਂਦ ਤੇ 32 ਬੋਰ ਰਿਵਾਲਵਰ ਦੇ 6 ਰੌਂਦ ਬਰਾਮਦ ਹੋਏ ਸਨ। ਰੌਕੀ ਕੋਲੋਂ 2 ਲੱਖ 64,000 ਰੁਪਏ ਦੀ ਨਕਦੀ, ਲੈਪਟਾਪ ਤੇ ਦੋ ਮੋਬਾਇਲ ਫੋਨ ਬਰਾਮਦ ਹੋਏ ਸਨ। ਇਹ ਵਿਅਕਤੀ ਕਿ੍ਕਟ ਆਈਪੀਐੱਲ ਮੈਚਾ 'ਤੇ ਆਨਲਾਈਨ ਸਾਈਟ ਐਪ ਰਾਹੀ ਰਾਜਪੁਰਾ ਵਿਚ ਦੜੇ ਸੱਟੇ ਦਾ ਕਾਲਾ ਕਾਰੋਬਾਰ ਕਰਦਾ ਸੀ।