ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਮਠਿਆਈ ਬਣਾਉਣ ਵਾਲੀਆਂ ਮਸ਼ੀਨਾਂ ਦਿਵਾਉਣ ਦੇ ਬਹਾਨੇ ਇਕ ਵਿਅਕਤੀ ਨੂੰ ਪਾਤੜਾਂ ਸੱਦ ਕੇ 5 ਕਾਰ ਸਵਾਰ 3 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਡੀਐੱਸਪੀ ਪਾਤੜਾਂ ਭਰਭੂਰ ਸਿੰਘ ਦੀ ਅਗਵਾਈ 'ਚ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੋਹ ਦਾ ਸ਼ਿਕਾਰ ਹੋਏ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਸੀਆਈਏ ਸਟਾਫ ਤੇ ਹੋਰ ਟੀਮਾਂ ਨੇ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਿਵ ਸ਼ੰਕਰ ਵਾਸੀ ਮੋਹਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਹਾਲੀ ਮਠਿਆਈ ਤਿਆਰ ਕਰਕੇ ਹੋਰ ਸ਼ਹਿਰਾਂ 'ਚ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਹੋਰ ਮਸ਼ੀਨਾਂ ਦੀ ਲੋੜ ਸੀ। ਸੰਪਰਕ 'ਚ ਆਏ ਵਿਸ਼ਾਲ ਵਾਸੀ ਨਰਵਾਣਾ ਹਰਿਆਣਾ ਨੇ ਸਸਤੀਆਂ ਮਸ਼ੀਨਾਂ ਦਿਵਾਉਣ ਦੇ ਬਹਾਨੇ ਪਾਤੜਾਂ ਬੁਲਾਇਆ ਅਤੇ ਉਹ ਆਪਣੇ ਇਕ ਹਿੱਸੇਦਾਰ ਨੂੰ ਨਾਲ ਲੈ ਕੇ ਬਲੈਰੋ ਗੱਡੀ 'ਚ ਗੁਰਦੁਆਰਾ ਸਾਹਿਬ ਕੋਲ ਪਹੁੰਚੇ। ਵਿਸ਼ਾਲ ਉਨ੍ਹਾਂ ਨੂੰ ਮਸ਼ੀਨ ਦਿਖਾਉਣ ਦੇ ਬਹਾਨੇ ਪੈਦਲ ਇਕ ਬੰਦ ਗੁਦਾਮ ਵੱਲ ਲੈ ਗਿਆ। ਉਥੇ ਕੋਈ ਮਸ਼ੀਨ ਨਹੀਂ ਸੀ। ਇਸ ਦੌਰਾਨ ਇੱਕ ਗੱਡੀ 'ਚ ਆਏ 5 ਵਿਅਕਤੀਆਂ 'ਚੋਂ ਇਕ ਨੇ ਉਨ੍ਹਾਂ ਦੀ ਧੌਣ 'ਤੇ ਛੁਰਾ ਰੱਖ ਦਿੱਤਾ ਤੇ ਉਸ ਦੇ ਹੱਥੋਂ ਲਿਫਾਫ਼ਾ ਜਿਸ 'ਚ ਤਿੰਨ ਲੱਖ ਰੁਪਏ ਸਨ, ਖੋਹ ਕੇ ਕਾਰ 'ਚ ਫਰਾਰ ਹੋ ਗਏ।

ਥਾਣਾ ਪਾਤੜਾਂ ਦੇ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਸ਼ਿਵ ਸ਼ੰਕਰ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਸਿਟੀ ਵਿੰਗ ਸਮਾਣਾ, ਸੀਆਈਏ ਸਟਾਫ ਪਟਿਆਲਾ ਤੇ ਪਾਤੜਾਂ ਇਲਾਕੇ ਦੀਆਂ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਛੇਤੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।