ਨਵਦੀਪ ਢੀਂਗਰਾ, ਪਟਿਆਲਾ

ਹਰਿਆਣਾ ਨਾਲ ਲੱਗਦੇ ਪੰਜਾਬ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਤੈਅ ਕੀਤੇ ਚਾਰ ਰਸਤਿਆਂ ਤੋਂ ਇਲਾਵਾ ਹੋਰ ਕਿਸੇ ਰਸਤੇ ਤੋਂ ਪੰਜਾਬ ਵਿਚ ਦਾਖਲ ਹੋਣ ਦੀ ਮਨਜੂਰੀ ਨਹੀਂ ਦਿੱਤੀ ਜਾਵੇਗਾ। ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ ਸ਼ੌਕਤ ਅਹਿਮਦ ਪਰੈ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਪਟਿਆਲਾ ਜ਼ਿਲ੍ਹੇ ਅੰਦਰ ਦਾਖਲ ਹੋਣ ਲਈ ਤੈਅ ਕੀਤੇ ਗਏ 4 ਸਥਾਨਾਂ ਦਾ ਦੌਰਾ ਕਰ ਕੇ ਤਾਇਨਾਤ ਸਟਾਫ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ਸਟਾਫ਼ ਨੂੰ ਸਿਖਲਾਈ ਦੇਣ ਪਿੱਛੋਂ ਡਿਊਟੀਆਂ ਸੌਂਪੀਆਂ ਗਈਆਂ ਹਨ ਅਤੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜਿਨ੍ਹਾਂ ਕੋਲ ਸਰਕਾਰ ਵੱਲੋਂ ਜਾਰੀ ਪਾਸ ਹੋਵੇਗਾ ਅਤੇ ਪਟਿਆਲਾ ਜ਼ਿਲ੍ਹੇ ਦੀ ਹੱਦ 'ਤੇ ਉਨ੍ਹਾਂ ਦਾ ਸਾਰਾ ਰਿਕਾਰਡ ਆਨ-ਲਾਈਨ ਅਪਡੇਟ ਕੀਤਾ ਜਾਵੇਗਾ ਤੇ ਮੈਡੀਕਲ ਟੀਮਾਂ ਵੱਲੋਂ ਮੌਕੇ 'ਤੇ ਹੀ ਹਰੇਕ ਬਾਹਰੋਂ ਆਉਣ ਵਾਲੇ ਵਿਅਕਤੀ ਦੀ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਨਿਰਧਾਰਤ ਕੀਤੇ ਗਏ ਚਾਰ ਐਂਟਰੀ ਪੁਆਇੰਟਾਂ ਲਈ ਨੋਡਲ ਅਫ਼ਸਰਾਂ, ਮੈਡੀਕਲ ਇੰਚਾਰਜਾਂ, ਸਿੱਖਿਆ ਵਿਭਾਗ ਸਮੇਤ ਆਬਕਾਰੀ ਅਤੇ ਪੁਲਿਸ ਇੰਚਾਰਜਾਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਇਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸਰਕਾਰੀ ਡਿਊਟੀ ਕਰ ਰਹੇ ਅਤੇ ਅਧਿਕਾਰਤ ਡਿਊਟੀ ਪਾਸਾਂ ਵਾਲਿਆਂ ਸਮੇਤ ਕਮਰਸ਼ੀਅਲ ਵਹੀਕਲ ਜੋ ਕਿ ਜਰੂਰੀ ਵਸਤਾਂ ਲੈ ਕੇ ਕਿਸੇ ਦੂਜੇ ਰਾਜ ਲਈ ਪੰਜਾਬ ਵਿੱਚੋਂ ਲੰਘ ਕੇ ਜਾ ਰਹੇ ਹੋਣ ਨੂੰ ਸਕਰੀਨਿੰਗ ਤੋਂ ਛੋਟ ਹੋਵੇਗੀ। ਬਾਹਰਲੇ ਰਾਜਾਂ ਤੋਂ ਪਟਿਆਲਾ ਜ਼ਿਲੇ੍ਹ 'ਚ ਆਉਣ ਵਾਲੇ ਯਾਤਰੀ ਦਾ ਰਿਕਾਰਡ ਰੱਖਣ ਲਈ ਜ਼ਿਲ੍ਹੇ ਦੇ ਦਾਖਲਾ ਪੁਆਇੰਟ ਕੌਮੀ ਸ਼ਾਹਰਾਹ ਸ਼ੰਭੂ, ਪਿਹੋਵਾ-ਦੇਵੀਗੜ੍ਹ ਰੋਡ ਰੋਹੜ ਜੰਗੀਰ, ਸਮਾਣਾ-ਚੀਕਾਂ ਰੋਡ ਧਰਮੇੜੀ ਤੇ ਢਾਬੀ ਗੁੱਜਰਾਂ ਪਾਤੜਾਂ ਵਿਖੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਆਉਣ ਵਾਲੇ ਹਰੇਕ ਯਾਤਰੀ ਦਾ ਪੂਰਾ ਰਿਕਾਰਡ ਰੱਖ ਰਹੀਆਂ ਹਨ।

ਰਿਕਾਰਡ ਪੋਰਟਲ 'ਤੇ ਹੋ ਰਿਹੈ ਅਪਲੋਡ

ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਪਟਿਆਲਾ ਜ਼ਿਲ੍ਹੇ 'ਚ ਦਾਖਲ ਹੋਣ ਵਾਲੇ ਸਾਰੇ ਯਾਤਰੀਆਂ ਦਾ ਰਿਕਾਰਡ ਨਾਲ ਦੀ ਨਾਲ ਪੋਰਟਲ 'ਤੇ ਅਪਲੋਡ ਕੀਤਾ ਜਾ ਰਿਹਾ ਹੈ ।

ਡੱਬੀ

ਬਿਨਾਂ ਪਾਸ ਤੋਂ ਨਹੀਂ ਹੋਵੇਗਾ ਦਾਖਲਾ : ਐਸਐਸਪੀ

ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਾਹਰਲੇ ਰਾਜਾਂ ਤੋਂ ਜ਼ਿਲ੍ਹੇ 'ਚ ਦਾਖਲ ਹੋਣ ਲਈ ਨਿਰਧਾਰਤ ਕੀਤੇ ਗਏ ਚਾਰ ਸਥਾਨਾਂ ਤੋਂ ਇਲਾਵਾ ਕਿਸੇ ਵੀ ਹੋਰ ਸਥਾਨ ਰਾਹੀਂ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ ਨਹੀਂ ਹੋਵੇਗੀ। ਬਿਨ੍ਹਾਂ ਪਾਸ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗੀ।