ਜਗਨਾਰ ਸਿੰਘ ਦੁਲੱਦੀ, ਨਾਭਾ

ਰਿਆਸਤੀ ਸਹਿਰ ਨਾਭਾ ਸਥਿਤ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂਵਾਲਾ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਅਤੇ ਜਿੰਨੇ ਵੀ ਸਰਧਾਲੂ ਗੁਰੂਘਰ ਵਿੱਚ ਮੱਥਾ ਟੇਕਣ ਜਾਂਦੇ ਹਨ ਜਾਂ ਇਨ੍ਹਾਂ ਸੜਕਾਂ ਤੋਂ ਆਮ ਲੋਕ ਲੰਘਦੇ ਹਨ, ਉਹ ਨਗਰ ਕੌਸਲ ਨਾਭਾ ਨੂੰ ਕੋਸਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇਵ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਨਾਲਿਆ ਦੀ ਸਹੀ ਤਰੀਕੇ ਨਾਲ ਸਫਾਈ ਨਾ ਹੋਣ ਕਰਕੇ ਲੰਮੇ ਸਮੇ ਤੋਂ ਨਾਭਾ ਨਿਵਾਸੀ ਸੀਵਰੇਜ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਤੋ ਪ੍ਰਰੇਸਾਨ ਰਹਿੰਦੇ ਹਨ। ਟੁੱਟੀਆਂ ਸੜਕਾਂ ਤੇ ਗਲ਼ੀਆਂ ਵਿਚ ਪਏ ਖੱਡੇ ਬਰਸਾਤ ਤੋਂ ਬਾਅਦ ਰਾਹਗੀਰਾਂ ਲਈ ਬਹੁਤ ਵੱਡੀ ਸਮੱਸਿਆ ਬਣ ਜਾਦੇ ਹਨ ਅਤੇ ਦੁਲੱਦੀ ਗੇਟ, ਅਲੌਹਰਾਂ ਗੇਟ ਤੋਂ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੀ ਤਾਂ ਬਹੁਤ ਹੀ ਜਿਆਦਾ ਬੁਰ੍ਹੀ ਹਾਲਤ ਹੈ, ਥਾਂ-ਥਾਂ ਟੋਏ ਪੈਣ ਕਰਕੇ ਸੜਕ ਤੇ ਚੋਵੀ ਘੰਟੇ ਗੰਦਾ ਪਾਣੀ ਖੜਾ ਰਹਿੰਦਾ ਹੈ, ਜਿਸ ਵੱਲ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਦੇਵ ਮਾਨ ਨੇ ਕਿਹਾ ਕਿ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਰਕੇ ਡੇਂਗੂ, ਮਲੇਰੀਆ , ਕਾਲਾ ਪੀਲੀਆ ਤੇ ਹੈਜ਼ਾ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹਮੇਸ਼ਾ ਸ਼ਹਿਰ ਵਾਸੀਆਂ ਨੂੰ ਸਤਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਹਰ ਵਸਿੰਦਾ ਮੌਜੂਦਾ ਸਰਕਾਰ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜੇ੍ਹ ਕਰਦਾ ਹੈ, ਕਿਉਂ ਜੋ ਨਗਰ ਕੌਂਸਲ ਨਾਭਾ ਆਪਣੀ ਜ਼ੁਮੇਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾ ਰਿਹਾ। ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਖ਼ਤੀ ਨਾਲ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਕੰਮ ਕਿਉਂ ਨਹੀਂ ਲੈ ਰਹੇ, ਜਦੋਂ ਕਿ ਕੈਬਨਿਟ ਮੰਤਰੀ ਦਾ ਫਰਜ਼ ਬਣਦਾ ਹੈ ਕਿ ਉਹ ਸਮੁੱਚੇ ਮੁਲਾਜ਼ਮਾਂ ਨੂੰ ਆਖਣ ਕਿ ਉਹ ਬਿਨ੍ਹਾਂ ਪੱਖ-ਪਾਤ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸਫ਼ਾਈ ਵੱਲ ਵਧੇਰੇ ਧਿਆਨ ਦੇਣ। ਇਸ ਮੌਕੇ ਐਡਵੋਕੇਟ ਨਰਿੰਦਰ ਸ਼ਰਮਾ, ਬਲਵਿੰਦਰ ਸਿੰਘ, ਰਣਜੀਤ ਜੱਜ, ਬਲਕਾਰ ਸਿੰਘ, ਭੁਪਿੰਦਰ ਕੱਲਰਮਾਜਰੀ, ਜਗਰੂਪ ਸਿੰਘ, ਪ੍ਰਦੀਪ ਅਰੋੜਾ ਤੇ ਗੱਟੂ ਰਾਮ ਹਾਜ਼ਰ ਸਨ।