ਭਾਰਤ ਭੂਸ਼ਣ ਗੋਇਲ, ਸਮਾਣਾ : ਸਮਾਣਾ-ਪਟਿਆਲਾ ਸੜਕ 'ਤੇ ਸਥਿਤ ਪਿੰਡ ਨੱਸੂਪੁਰ ਨੇੜੇ ਰੇਤ ਨਾਲ ਭਰੇ ਇਕ ਟਿਪਰ ਅਤੇ ਟਰੈਕਟਰ-ਟਪਾਲੀ ਦਰਮਿਆਨ ਹੋਏ ਹਾਦਸੇ 'ਚ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ, ਜਦੋਂ ਕਿ ਹਾਦਸੇ 'ਚ ਰੇਤ ਨਾਲ ਭਰਿਆ ਟਿੱਪਰ ਪਲਟ ਗਿਆ। ਪਲਟਦੇ ਹੋਏ ਟਿੱਪਰ ਦੀ ਲਪੇਟ 'ਚ ਆ ਕੇ ਉਥੋਂ ਲੰਘ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਵੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਮੁੱਢਲੀ ਡਾਕਟਰੀ ਸਹੂਲਤ ਮੁਹੱਈਆਂ ਕਰਨ ਉਪਰੰਤ ਗੰਭੀਰ ਜ਼ਖ਼ਮੀ ਪਤੀ-ਪਤਨੀ ਨੂੰ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ। ਜਦੋਂ ਕਿ ਹਾਦਸੇ ਤੋਂ ਬਾਅਦ ਚਾਲਕ ਟਿੱਪਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਮਾਮਲੇ ਦੇ ਜਾਂਚ ਅਧਿਕਾਰੀ ਸਦਰ ਥਾਣਾ ਦੇ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਢੈਂਠਲ ਨੇੜੇ ਨੱਸੂਪੁਰ ਪਿੰਡ ਵੱਲ ਜਾ ਰਹੀ ਟਰੈਕਟਰ-ਟਰਾਲੀ ਨੂੰ ਇਕ ਰੇਤ ਦੇ ਭਰੇ ਟਿੱਪਰ ਨੇ ਬੇਕਾਬੂ ਹੋ ਕੇ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ-ਟਰਾਲੀ ਨੂੰ ਭਾਰੀ ਨੁਕਸਾਨ ਪੁੱਜਾ ਅਤੇ ਉਸ ਦਾ ਚਾਲਕ ਸਾਹਿਬ ਸਿੰਘ ਵਾਸੀ ਪਿੰਡ ਨੱਸੂਪੁਰ ਜ਼ਖ਼ਮੀ ਹੋ ਗਿਆ। ਹਾਦਸੇ 'ਚ ਰੇਤ ਨਾਲ ਭਰਿਆ ਟਿੱਪਰ ਵੀ ਪਲਟ ਗਿਆ। ਮੋਟਰਸਾਈਕਲ ਸਵਾਰ ਜਸਪਾਲ ਸਿੰਘ ਵਾਸੀ ਪਿੰਡ ਸਿਊਣਾ ਕਾਠ ਤੇ ਉਸ ਦੀ ਪਤਨੀ ਹਰਦੀਪ ਕੌਰ ਰੇਤ 'ਚ ਦਬ ਕੇ ਜ਼ਖ਼ਮੀ ਹੋ ਗਏ। ਪਤੀ-ਪਤਨੀ ਨੂੰ ਟਰੈਕਟਰ ਚਾਲਕ ਤੇ ਹੋਰਾਂ ਦੇ ਸਹਿਯੋਗ ਨਾਲ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਪੁਲਿਸ ਅਧਿਕਾਰੀ ਅਨੁਸਾਰ ਟਿੱਪਰ ਸਣੇ ਹਾਦਸਾਗ੍ਸਤ ਵਾਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਟਰੈਕਟਰ ਚਾਲਕ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।