ਪੱਤਰ ਪ੍ਰੇਰਕ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਲੋਕ ਗਾਇਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਭੰਗੜੇ ਦੇ ਕਲਾਕਾਰ ਪੰਮੀ ਬਾਈ ਦੇ ਜੀਵਨ 'ਤੇ ਲਿਖੀ ਕਿਤਾਬ ਰਿਲੀਜ਼ ਕੀਤੀ ਗਈ। ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਵੱਲੋਂ ਰਿਲੀਜ਼ ਕੀਤੀ ਗਈ ਇਸ 'ਵਿਰਸੇ ਦਾ ਵਾਰਿਸ : ਪੰਮੀ ਬਾਈ' ਨਾਮੀ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ ਦੇ ਨਿ੍ਤ ਵਿਭਾਗ ਦੇ ਵਿਦਿਆਰਥੀ ਸਤਨਾਮ ਸਿੰਘ ਵਲੋਂ ਸੰਪਾਦਿਤ ਕੀਤਾ ਗਿਆ ਹੈ ਜੋ ਕਿ 'ਪੰਜਾਬੀ ਲੋਕਧਾਰਾ ਨੂੰ ਪ੍ਰਫੁੱਲਿਤ ਕਰਨ ਵਿਚ ਪੰਮੀ ਬਾਈ ਦਾ ਯੋਗਦਾਨ' ਵਿਸ਼ੇ 'ਤੇ ਪੀਐੱਚਡੀ ਕਰ ਰਿਹਾ ਹੈ। ਪੁਸਤਕ ਰਿਲੀਜ਼ ਦਾ ਇਹ ਸਮਾਗਮ ਵਰਲਡ ਪੰਜਾਬੀ ਸੈਂਟਰ ਵਲੋਂ ਡਾਇਰੈਕਟਰ ਡਾ. ਬਲਕਾਰ ਸਿੰਘ ਦੀ ਦੇਖ-ਰੇਖ ਵਿਚ ਕਰਵਾਇਆ ਗਿਆ।

ਇਸ ਮੌਕੇ ਡਾ. ਘੁੰਮਣ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਇਕ ਵਿਦਿਆਰਥੀ ਵਲੋਂ ਪ੍ਰਸਿੱਧ ਲੋਕ ਗਾਇਕ ਪੰਮੀ ਬਾਈ 'ਤੇ ਅਜਿਹੀ ਪੁਸਤਕ ਸੰਪਾਦਿਤ ਕੀਤੀ ਗਈ ਹੈ। ਉਨ੍ਹਾਂ ਨੇ ਪੰਮੀ ਬਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਜਦੋਂ ਬਹੁਤ ਸਾਰੇ ਗਾਇਕ ਪ੍ਰਸਿੱਧੀ ਅਤੇ ਗਲੈਮਰ ਪਿੱਛੇ ਭੱਜਦਿਆਂ ਲੱਚਰਤਾ ਭਰੀ ਗਾਇਕੀ ਵੱਲ ਰੁਚਿਤ ਹੋ ਰਹੇ ਹਨ ਤਾਂ ਉਸ ਦੌਰ ਵਿਚ ਵੀ ਪੰਮੀ ਬਾਈ ਆਪਣੇ ਵਿਰਸੇ ਨਾਲ ਸਬੰਧਤ ਗਾਇਕੀ ਨਾਲ ਜੁੜਿਆ ਰਿਹਾ ਹੈ। ਇਸ ਮੌਕੇ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ.ਦੀਪਕ ਮਨਮੋਹਨ ਸਿੰਘ ਨੇ ਪੰਮੀ ਬਾਈ ਦੀ ਗਾਇਕੀ ਬਾਰੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਲੋਕਧਾਰਾ ਅਤੇ ਸੰਗੀਤ ਨੂੰ ਦੇਸ਼ਾਂ ਵਿਦੇਸ਼ਾਂ ਤਕ ਪਹੁੰਚਾਇਆ ਹੈ। ਇਸ ਮੌਕੇ ਪ੍ਰਰੋਫੈਸਰ ਗੁਰਭਜਨ ਗਿੱਲ, ਡਾ. ਬਲਕਾਰ ਸਿੰਘ ਆਦਿ ਹਾਜ਼ਰ ਸਨ।