ਨਵਦੀਪ ਢੀਂਗਰਾ, ਪਟਿਆਲਾ : ਪਰਾਲੀ ਕਰ ਕੇ ਹੋ ਰਹੇ ਪ੍ਰਦੂਸ਼ਣ ਦੇ ਮਾਮਲੇ 'ਤੇ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪਾਈ ਗਈ ਝਾੜ ਤੋਂ ਬਾਅਦ ਵਰਤੀ ਗਈ ਸਖ਼ਤੀ ਵੀ ਪਰਾਲੀ ਨੂੰ ਅੱਗ ਲਾਉਣ 'ਤੇ ਰੋਕ ਨਹੀਂ ਲਾ ਸਕੀ ਤੇ ਪਿਛਲੇ ਦੋ ਸਾਲਾਂ ਦੇ ਰਿਕਾਰਡ ਟੁੱਟ ਗਏ।

ਇਸ ਦੀ ਪੁਸ਼ਟੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ਤੋਂ ਹੁੰਦੀ ਹੈ, ਜਿਨ੍ਹਾਂ ਅਨੁਸਾਰ ਸਾਲ 2017 ਵਿਚ ਪਰਾਲੀ ਨੂੰ ਅੱਗ ਲੱਗਣ ਦੇ 42 ਹਜ਼ਾਰ 25 ਮਾਮਲੇ ਸਾਹਮਣੇ ਆਏ ਅਤੇ ਸਾਲ 2018 ਵਿਚ 42 ਹਜ਼ਾਰ 126 ਮਾਮਲੇ ਦਰਜ ਕੀਤੇ ਗਏ, ਜਦੋਂਕਿ ਇਸ ਸਾਲ ਹੁਣ ਤਕ 48 ਹਜ਼ਾਰ 155 ਥਾਈਂ ਪਰਾਲੀ ਨੂੰ ਅੱਗ ਲੱਗੀ ਹੈ ਤੇ ਸਿਲਸਿਲਾ ਹਾਲੇ ਵੀ ਜਾਰੀ ਹੈ।

ਪਰਾਲੀ ਸਾੜਨ 'ਚ ਸੰਗਰੂਰ ਮੋਹਰੀ

ਪਰਾਲੀ ਸਾੜਨ ਦੇ ਮਾਮਲੇ ਵਿਚ ਇਸ ਸਾਲ ਸੰਗਰੂਰ ਜ਼ਿਲ੍ਹਾ ਸਭ ਤੋਂ ਅੱਗੇ ਹੈ। ਸੂਬੇ ਵਿਚ ਹੁਣ ਤਕ ਪਰਾਲੀ ਸਾੜਨ ਦੇ 48155 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 6444 ਘਟਨਾਵਾਂ ਸਿਰਫ਼ ਸੰਗਰੂਰ ਜ਼ਿਲ੍ਹੇ ਵਿਚ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਠਿੰਡਾ ਵਿਚ 5455, ਫਿਰੋਜ਼ਪੁਰ ਵਿਚ 4527, ਪਟਿਆਲਾ ਵਿਚ 3814, ਮਾਨਸਾ 'ਚ 3564, ਤਰਨਤਾਰਨ ਵਿਚ 3961, ਬਰਨਾਲਾ 'ਚ 2936, ਮੋਗਾ 'ਚ 2936, ਮੁਕਤਸਰ 'ਚ 3920, ਲੁਧਿਆਣਾ 'ਚ 2298, ਫ਼ਰੀਦਕੋਟ 'ਚ 2138, ਜਲੰਧਰ 'ਚ 1068 ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਹੋਏ।

5 ਨਵੰਬਰ ਨੂੰ ਸੜੀ ਸਭ ਤੋਂ ਵੱਧ ਪਰਾਲੀ

ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ਅਨੁਸਾਰ 5 ਨਵੰਬਰ ਨੂੰ ਸੂਬੇ ਵਿਚ ਇਸ ਸੀਜ਼ਨ ਦੀ ਹੁਣ ਤਕ ਸਭ ਤੋਂ ਵੱਧ 6668 ਜਗ੍ਹਾ ਪਰਾਲੀ ਸਾੜੀ ਗਈ ਹੈ। ਇਸ ਦਿਨ ਵੀ ਸੰਗਰੂਰ ਜ਼ਿਲ੍ਹਾ 1007 ਮਾਮਲਿਆਂ ਨਾਲ ਸਭ ਤੋਂ ਅੱਗੇ ਰਿਹਾ।

ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸੈਕਟਰੀ ਕਰੁਣੇਸ਼ ਗਰਗ ਨੇ ਦੱਸਿਆ ਕਿ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਬੋਰਡ ਵੱਲੋਂ ਪੰਜਾਬ ਵਿਚ ਪਰਾਲੀ ਨੂੰ ਅੱਗ ਲੱਗਣ ਦੀ ਜਾਣਕਾਰੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਕਾਰਵਾਈ ਕੀਤੀ ਜਾ ਸਕੇ। ਮੈਂਬਰ ਸੈਕਟਰੀ ਅਨੁਸਾਰ ਪਰਾਲੀ ਸੜਨ ਦੇ ਮਾਮਲਿਆਂ ਵਿਚ ਹੋਏ ਵਾਧੇ ਦਾ ਕਾਰਨ ਇਸ ਵਾਰ ਝੋਨੇ ਦਾ ਸੀਜ਼ਨ ਐਡਵਾਂਸ ਹੋਣਾ ਵੀ ਹੈ।