ਨਵਦੀਪ ਢੀਂਗਰਾ, ਪਟਿਆਲਾ : ਨਾਭਾ ਜੇਲ੍ਹ ਬਰੇਕ ਕਾਂਡ ਦੇ ਮਾਸਟਰ ਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਪੁਲਿਸ ਹਿਰਾਸਤ 'ਚੋਂ ਭਾਰਤ ਲਿਆਂਦਾ ਜਾਵੇਗਾ। ਇਸ ਸਬੰਧੀ ਉਥੋਂ ਦੀ ਅਦਾਲਤ ਨੇ ਭਾਰਤ ਸਰਕਾਰ ਦੇ ਹੱਕ 'ਚ ਫੈਸਲਾ ਕਰਦਿਆਂ ਭਾਰਤ ਨੂੰ ਰੋਮੀ ਦੀ ਹਵਾਲਗੀ ਦੇਣ ਦੇ ਹੁਕਮ ਦਿੱਤੇ ਹਨ।

ਰੋਮੀ ਦੀ ਅੱਤਵਾਦੀ ਗਤੀਵਿਧੀਆਂ ਦੇ ਚੱਲਦਿਆਂ ਇੰਟਰਪੋਲ ਵੱਲੋਂ ਵੀ ਉਸਦੀ ਭਾਲ ਕੀਤੀ ਜਾ ਰਹੀ ਸੀ। ਪੰਜਾਬ ਪੁਲਿਸ ਵੱਲੋਂ ਕੇਂਦਰ ਸਰਕਾਰ ਕੋਲ ਰੋਮੀ ਦੀ ਗਿ੍ਫਤਾਰੀ ਲਈ ਮੁੱਦਾ ਚੁੱਕਣ 'ਤੇ ਤਿੰਨ ਸਾਲਾਂ ਬਾਅਦ ਉਸਦੀ ਆਰਜੀ ਗਿ੍ਫਤਾਰੀ ਨੂੰ ਯਕੀਨੀ ਬਣਾਉਣ ਵਿਚ ਸਫਲਤਾ ਮਿਲੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਤੇ ਐੱਸਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਾਲੀ ਖੁਫੀਆ ਵਿੰਗ ਦੀ ਟੀਮ ਤੇ ਕੇਂਦਰ ਵੱਲੋਂ ਇਸ ਕੇਸ ਦੀ ਪੈਰਵਾਈ ਹਾਂਗਕਾਂਗ ਦੀ ਅਦਾਲਤ ਵਿਚ ਕਰ ਰਹੀ ਸੀ। ਹਾਂਗਕਾਂਗੀ ਦੀ ਪੂਰਬੀ ਅਦਾਲਤ ਦੇ ਜੱਜ ਪਾਂਗ ਲੇਂਟ ਟਿੰਗ ਨੇ ਭਾਰਤ ਸਰਕਾਰ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਰਮਨਜੀਤ ਸਿੰਘ ਉਰਫ ਰੋਮੀ ਦੀ ਹਵਾਲਗੀ ਭਾਰਤ ਨੂੰ ਦੇਣ ਦੇ ਹੁਕਮ ਦਿੱਤਾ ਹੈ।

ਰੋਮੀ ਖ਼ਿਲਾਫ਼ ਹਾਂਗਕਾਂਗ ਵਿਚ ਲੁੱਟ ਦੇ ਦੋਸ਼ ਤਹਿਤ ਮਾਮਲਾ ਦਰਜ ਹੋਇਆ ਸੀ। ਪਰ ਸਰਕਾਰੀ ਵਕੀਲਾਂ ਨੇ ਹਾਲ ਹੀ ਵਿਚ ਇਹ ਦੋਸ਼ ਵਾਪਸ ਲੈ ਲਏ, ਜਿਸ ਨਾਲ ਉਸ ਦੇ ਭਾਰਤ ਹਵਾਲਗੀ ਦਾ ਰਾਹ ਪੱਧਰਾ ਹੋਇਆ ਹੈ। ਪੰਜਾਬ ਪੁਲਿਸ ਨੇ ਰੋਮੀ ਨੂੰ ਆਪਣੀ ਹਿਰਾਸਤ ਵਿਚ ਲੈਣ ਲਈ 1200 ਪੰਨਿਆਂ ਦਾ ਪੁਲੰਦਾ ਤਿਆਰ ਕੀਤਾ ਹੈ।

ਸੂਤਰਾਂ ਅਨੁਸਾਰ ਰੈਫਰੈਂਡਮ 2020 ਦੇ ਕੁਝ ਪ੍ਰਚਾਰਕਾਂ ਨਾਲ ਰੋਮੀ ਦੇ ਕਥਿਤ ਸਬੰਧਾਂ ਬਾਰੇ ਵੀ ਪੁੱਛਗਿਛ ਕੀਤੀ ਜਾਣੀ ਹੈ। ਰੋਮੀ ਸਾਲ 2016 ਵਿਚ ਪੁਲਿਸ ਨੂੰ ਕਥਿਤ ਰਿਸ਼ਵਤ ਦੇ ਕੇ ਅਸਲਾ ਐਕਟ ਦੇ ਇਕ ਮਾਮਲੇ 'ਚੋਂ ਜ਼ਮਾਨਤ ਲੈ ਲਈ ਸੀ ਤੇ ਭਾਰਤ ਛੱਡ ਕੇ ਵਿਦੇਸ਼ ਚਲਾ ਗਿਆ ਸੀ।

ਭਾਰਤੀ ਸੁਰੱਖਿਆ ਏਜੰਸੀਆਂ ਨੇ ਹਾਲ ਹੀ ਵਿਚ ਵੱਖਵਾਦੀ ਲਹਿਰ ਦੇ ਪ੍ਰਮੁੱਖ ਹਮਾਇਤੀਆਂ ਦੀਆਂ ਆਨਲਾਈਨ ਗਤੀਵਿਧੀਆਂ ਦਾ ਪਤਾ ਲਗਾਇਆ ਹੈ ਕੇ ਜਰਮਨ, ਬਿ੍ਟੇਨ ਤੇ ਕੈਨੇਡਾ ਵਿਚ ਰੈਫਰੈਂਡਮ ਮੁਹਿੰਮ ਚਲਾਉਣ ਵਾਲਿਆਂ ਨੇ ਪੰਜਾਬ ਵਿਚਲੇ ਗੈਂਗਸਟਰ ਤੇ ਆਈਐੱਸਆਈ ਵਿਚਕਾਰ ਵੀ ਤਾਰ ਜੁੜੇ ਹਨ।

ਪੰਜਾਬ ਪੁਲਿਸ ਸੂਤਰਾਂ ਅਨੁਸਾਰ ਰੋਮੀ ਬਿ੍ਟੇਨ ਵਾਸੀ ਜਗਤਾਰ ਸਿੰਘ ਉਰਫ ਜੱਗੀ ਦੇ ਸੰਪਰਕ ਵਿਚ ਸੀ। ਇਨਾਂ ਦੋਵਾਂ ਕੇਐੱਲਐੱਫ ਮੁਖੀ ਹਰਮੀਤ ਸਿੰਘ ਉਰਫ ਪੀਐੱਚਡੀ ਨਾਲ ਵੀ ਸਬੰਧ ਰਹੇ ਹਨ। ਇਸਤੋਂ ਇਲਾਵਾ ਰੁਲਦਾ ਸਿੰਘ ਕਤਲ ਤੇ ਬੰਬ ਧਮਾਕਿਆਂ ਵਿਚ ਸ਼ਾਮਲ ਪਰਮਜੀਤ ਸਿੰਘ ਪੰਮਾ ਜੋਕਿ 2020 ਦੀ ਮੁਹਿੰਮ ਵਿਚ ਸ਼ਾਮਲ ਹੈ, ਰੋਮੀ ਵੀ ਇਸਦੇ ਸੰਪਰਕ ਵਿਚ ਰਿਹਾ ਸੀ।

ਰੋਮੀ ਨੂੰ ਭਾਰਤ ਲਿਆ ਕੇ ਹੋਵੇਗੀ ਪੁੱਛ-ਪੜਤਾਲ : ਐੱਸਪੀ ਵਿਰਕ

ਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਨਾਂ ਸਾਰੇ ਕੇਸਾਂ ਨੂੰ ਲੈ ਕੇ ਡੀਜੀਪੀ ਪੰਜਾਬ ਨੇ ਉਨ੍ਹਾਂ ਨੂੰ ਨੋਡਲ ਅਫਸਰ ਤਾਇਨਾਤ ਕੀਤਾ ਹੈ। ਏਆਈਜੀ ਗੁਰਮੀਤ ਸਿੰਘ ਚੌਹਾਨ ਦੀ ਅਗਵਾਈ 'ਚ ਉਹ ਲਗਾਤਾਰ ਹਾਂਗਕਾਂਗ ਕੋਰਟ 'ਚ ਜਾ ਕੇ ਪੇਸ਼ ਹੁੰਦੇ ਰਹੇ ਹਨ, ਜਿਥੇ ਉਨਾਂ ਰੋਮੀ ਖ਼ਿਲਾਫ਼ ਪੁਖਤਾ ਸਬੂਤ ਪੇਸ਼ ਕੀਤੇ ਹਨ।

ਹਾਂਗਕਾਂਗ ਦੀ ਅਦਾਲਤ ਨੇ ਸਾਰੇ ਸਬੂਤਾਂ ਤੋਂ ਸਹਿਮਤ ਹੋਣ ਤੋਂ ਬਾਅਦ ਰੋਮੀ ਨੂੰ ਪੰਜਾਬ ਪੁਲਿਸ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਹੈ। ਐਸਪੀ ਵਿਰਕ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ, ਹੁਣ ਰੋਮੀ ਨੂੰ ਭਾਰਤ ਲਿਆਉਣ ਤੋਂ ਬਾਅਦ ਸਾਰੇ ਕੇਸਾਂ ਸਬੰਧੀ ਪੁੱਛ ਪੜਤਾਲ ਕੀਤੀ ਜਾਵੇਗੀ।