ਐਚਐਸ ਸੈਣੀ, ਰਾਜਪੁਰਾ

ਰਾਜਪੁਰਾ ਨਗਰ ਕੌਂਸਲ ਦਫਤਰ ਵਿਚ ਕੌਂਸਲ ਦੀ ਮੀਟਿੰਗ ਪ੍ਰਧਾਨ ਨਰਿੰਦਰ ਸ਼ਾਸਤਰੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸੜਕਾਂ 'ਤੇ ਕੂੜਾ ਸੁੱਟਣ, ਟਿੱਪਰ ਟਰੱਕਾਂ ਦੇ ਗਲੀਆਂ 'ਚ ਫੜੇ ਜਾਣ 'ਤੇ ਹਜ਼ਾਰਾਂ ਰੁਪਏ ਦੇ ਜੁਰਮਾਨੇ ਲਗਾਉਣ ਸਬੰਧੀ ਕਈ ਮਤਿਆਂ 'ਤੇ ਮੋਹਰ ਲਗਾਈ ਗਈ। ਮੀਟਿੰਗ ਵਿਚ ਖ਼ਾਸ ਤੌਰ 'ਤੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੁੱਜੇ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਰਾਜਪੁਰਾ ਨੂੰ ਸੂਬੇ 'ਚੋਂ ਵਿਕਾਸ ਕੰਮਾਂ ਅਤੇ ਸਫਾਈ ਪੱਖੋਂ ਪਹਿਲਾ ਸਥਾਨ ਮਿਲਣ 'ਤੇ ਕਰੀਬ 2 ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਤ ਕੀਤੇ ਜਾਣਾ ਮਾਣ ਵਾਲੀ ਗੱਲ ਹੈ।

ਮੀਟਿੰਗ ਦੌਰਾਨ ਸੜਕਾਂ 'ਤੇ ਕੂੜਾ ਫੈਲਾਉਣ ਨੂੰ ਲੈ ਕੇ ਆਏ ਮਤੇ ਵਿਚ ਕਿਹਾ ਗਿਆ ਕਿ ਕੁਝ ਸ਼ਰਾਰਤੀ ਅਨਸਰ ਅਤੇ ਪਿੰਡਾਂ ਵਾਲੇ ਸੜਕਾਂ 'ਤੇ ਕੂੜਾ ਸੁੱਟ ਦਿੰਦੇ ਹਨ। ਇਸ ਲਈ ਸਾਲਡ ਵੇਸਟ ਮਨੇਜਮੈਂਟ ਰੂਲ 2019 ਤਹਿਤ ਪੰਜ ਹਜਾਰ, ਦੂਜੀ ਵਾਰ ਫੜੇ ਜਾਣ 'ਤੇ 10 ਹਜਾਰ ਅਤੇ ਤੀਜੀ ਵਾਰ ਫੜੇ ਜਾਣ 'ਤੇ 20 ਹਜਾਰ ਰੁਪਏ ਜੁਰਮਾਨੇ ਲਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ। ਨਗਰ ਕੌਂਸਲ ਦੁਆਰਾ ਸੜਕਾਂ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਗਲੀਆਂ, ਮੁਹੱਲਿਆਂ 'ਚ ਬਿਲਡਿੰਗ ਮਟੀਰੀਅਲ ਦੀ ਟਿੱਪਰਾਂ ਅਤੇ ਟਰੱਕਾਂ ਦੀ ਸਪਲਾਈ ਨੂੰ ਦੂਰ ਕਰਨ ਦੇ ਇਰਾਦੇ ਨਾਲ ਫੈਸਲਾ ਲੈਂਦਿਆਂ ਫੜੇ ਜਾਣ 'ਤੇ 10 ਹਜ਼ਾਰ ਰੁਪਏ ਜੁਰਮਾਨਾ ਲੱਗੇਗਾ। ਭਾਜਪਾ ਕੌਂਸਲਰ ਸ਼ਾਂਤੀ ਸਪਰਾ ਨੇ ਕਿਹਾ ਕਿ ਇਮਾਰਤੀ ਮਟੀਰੀਅਲ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਦੇ ਲਈ ਥਾਂ ਦਾ ਪ੍ਰਬੰੰਧ ਕੀਤਾ ਜਾਵੇ ਤਾਂ ਪ੍ਰਧਾਨ ਸ਼ਾਸਤਰੀ ਨੇ ਲਿਖਤੀ ਤੌਰ 'ਤੇ ਇਹ ਮੰਗ ਦੱਸਣ ਦੀ ਗੱਲ ਆਖੀ। ਭਾਜਪਾ ਕੌਂਸਲਰ ਨੇ ਕਿਹਾ ਕਿ ਨਗਰ ਕੌਂਸਲ ਨੇ 14 ਮਈ 2018 ਨੂੰ ਬਸੇਰਾ ਪ੍ਰਰਾਜੈਕਟ ਮਾਮਲੇ ਦੀ ਪੜਤਾਲ ਕਰਨ ਦਾ ਮਤਾ ਪਾਸ ਕੀਤਾ ਸੀ ਪਰ ਜਾਂਚ ਸ਼ੁਰੂ ਨਹੀ ਕੀਤੀ ਗਈ। ਪ੍ਰਧਾਨ ਨਰਿੰਦਰ ਸ਼ਾਸਤਰੀ 'ਤੇ ਦੋਸ਼ ਹੈ ਕਿ ਉਹ ਜਾਂਚ ਸਿਰੇ ਚੜਾਉਣ ਦੀ ਥਾਂ 'ਤੇ ਦੋਸਤੀ ਨਿਭਾਅ ਰਹੇ ਹਨ। ਕੌਂਸਲਰ ਜਗਦੀਸ਼ ਜੱਗਾ ਨੇ ਇਸ ਦਾ ਸਮਰਥਨ ਕੀਤਾ। ਪ੍ਰਧਾਨ ਸ਼ਾਸ਼ਤਰੀ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਬਸੇਰਾ ਪ੍ਰਰਾਜੈਕਟ ਦੀ ਜਾਂਚ ਸਬੰਧੀ ਮੁੜ ਤੋਂ ਲਿਖਣ ਲਈ ਤਿਆਰ ਹਨ। ਟੈਂਟ ਦੇ ਕਾਰਨ ਕਈ ਥਾਵਾਂ 'ਤੇ ਸੜਕਾਂ ਟੁੱਟਣ ਨਾਲ ਨੁਕਸਾਨ ਹੁੰਦਾ ਹੈ ਨੂੰ ਲੈ ਕੇ ਜਾਗਰੂਕ ਕਰਨ ਦੇ ਇਰਾਦੇ ਨਾਲ ਟੈਂਟ ਹਾਊਸ ਮਾਲਕਾਂ ਨਾਲ ਮੀਟਿੰਗ ਕਰ ਕੇ ਇਸ ਫੈਸਲੇ ਸਬੰਧੀ ਜਾਣੂ ਕਰਵਾਇਆ ਜਾਵੇਗਾ। ਮੀਟਿੰਗ ਵਿਚ ਕਿਹਾ ਗਿਆ ਕਿ ਵਾਸ਼ਿੰਗ ਸੈਂਟਰ ਚਲਾਉਣ ਵਾਲੇ ਨਿਯਮਾਂ ਦੀਆਂ ਉਲੰਘਣਾ ਕਰ ਰਹੇ ਹਨ ਸਬੰਧੀ ਆਉਣ ਵਾਲੇ ਸਮੇਂ ਵਿਚ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮਹਾਂਵੀਰ ਮੰਦਰ ਰੋਡ, ਦੁਰਗਾ ਮੰਦਰ ਰੋਡ ਤੋਂ ਐਨ.ਟੀ.ਸੀ ਸਕੂਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੋਡ, ਸਰਲਾ ਰੋਡ ਤੋਂ ਏ.ਪੀ.ਜੈਨ ਪਟਿਆਲਾ ਰੋਡ, ਜੈਸਪਰ ਚੋਂਕ ਤੋਂ ਕੇਕੇ ਸਕੂਲ ਬਹਾਵਲਪੁਰ ਭਵਨ ਤੋਂ ਗਿਆਨ ਥਲਾ ਰੋਡ, ਪੀਐੱਮਐੱਨ ਕਾਲਜ ਤੋਂ ਆਈਟੀਆਈ ਚੌਂਕ ਤੱਕ ਕਮਰਸ਼ੀਅਲ ਰੋਡ ਬਣਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਜਦਕਿ ਭਾਜਪਾ ਕੌਂਸਲਰਾਂ ਨੇ ਕਿਹਾ ਕਿ ਉਕਤ ਰੋਡ ਉੱਤੇ ਜਿਹੜੇ ਨਜਾਇਜ਼ ਕਬਜੇ ਹੋ ਚੁੱਕੇ ਹਨ, ਨੂੰ ਹਟਾਇਆ ਜਾਵੇ। ਨਗਰ ਕੌਂਸਲ ਨੂੰ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਅਮਿ੍ਤ ਟਾਊਨ ਐਲਾਨ ਕਰਵਾਉਣ ਸਬੰਧੀ ਯੋਜਨਾ ਨੂੰ ਅੱਗੇ ਵਧਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਤਾਂ ਕਿ ਨਗਰ ਕੌਂਸਲ ਨੂੰ ਪਹਿਲਾਂ ਤੋਂ ਜਿਆਦਾ ਗ੍ਾਂਟ ਮਿਲ ਸਕੇ। ਅਕਾਲੀ ਕੌਂਸਲਰ ਅਰਵਿੰਦਰਪਾਲ ਸਿੰਘ ਨੇ ਰਾਮ ਲਾਲ ਨੂੰ ਤਹਿਬਾਜ਼ਾਰੀ ਦੀ ਅਲਾਟਮੈਂਟ ਸਬੰਧੀ ਆਏ ਮਤੇ ਦੇ ਸਬੰਧ ਕਿਹਾ ਕਿ ਲੈਂਟਰ ਤੋੜਿਆ ਤਕ ਨੀਂ ਗਿਆ ਜਦ ਕਿ ਰਾਮ ਲਾਲ ਕਾਫੀ ਸਾਲ ਪਹਿਲਾ ਮਰ ਚੁੱਕਿਆ ਹੈ। ਮੀਟਿੰਗ ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਨੂੰ ਕਰਵਾਉਣ ਸਬੰਧੀ ਹਰੀ ਝੰਡੀ ਦੇ ਦਿੱਤੀ ਗਈ।