ਪੱਤਰ ਪੇ੍ਰਰਕ, ਪਟਿਆਲਾ : ਸ਼ਾਹੀ ਸ਼ਹਿਰ 'ਚ ਲੰਬੇ ਸਮੇਂ ਤੋਂ ਵਿਕਾਸ ਕਾਰਜ ਜਾਰੀ ਹਨ। ਸ਼ਹਿਰ ਦੇ ਅੰਦਰੂਨੀ ਹਲਕਿਆਂ 'ਚ ਪੁਰਾਣੇ ਸਮਿਆਂ ਤੋਂ ਪਾਣੀ ਦੇ ਨਿਕਾਸ ਲਈ ਬਣੀਆਂ ਹੋਈਆਂ ਨਾਲੀਆਂ ਬੰਦ ਕਰਕੇ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਬੰਧਾਂ ਦੀ ਅੱਜ 15 ਮਿੰਟਾਂ ਦੀ ਬਾਰਿਸ਼ ਨੇ ਹੀ ਪੋਲ ਖੋਲ੍ਹ ਦੇ ਰੱਖ ਦਿੱਤੀ ਹੈ। ਸ਼ਹਿਰ ਦੀ ਅੰਦਰੂਨੀ ਹੱਬ ਅਤੇ ਮੁੱਖ ਧੁਰਾ ਮੰਨੇ ਜਾਂਦੇ ਰਾਘੋਮਾਜਰਾ ਵਾਸੀਆਂ ਨੂੰ ਇਸ 15 ਮਿੰਟਾਂ ਦੀ ਬਾਰਿਸ਼ ਨਾਲ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਹਾਲ ਹੀ 'ਚ ਜਿਥੇ ਪਾਈਪ ਪਾਏ ਸਨ, ਉਥੇ ਪਾਣੀ ਖੜ੍ਹ ਗਿਆ। ਇਸ ਤੋਂ ਤੁਰੰਤ ਬਾਅਦ ਮਾਰਕੀਟ ਐਸੋਸੀਏਸ਼ਨ ਅਤੇ ਦੁਕਾਨਦਾਰਾਂ ਨੇ ਵਿਰੋਧੀ ਧਿਰ ਦੀ ਮੁੱਖ ਭੂਮਿਕਾ ਨਿਭਾਅ ਰਹੇ ਪਟਿਆਲਾ ਸ਼ਹਿਰੀ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਰਾਬਤਾ ਕੀਤਾ।

ਇਸ ਦੌਰਾਨ ਸ਼ਹਿਰੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਆਪਣੇ ਸਾਥੀਆਂ ਸਮੇਤ ਪੁੱਜੇ ਅਤੇ ਉਨ੍ਹਾਂ ਮੌਕੇ 'ਤੇ ਹੀ ਨਿਗਮ ਦੇ ਐਕਸੀਅਨ ਵਾਟਰ ਸਪਲਾਈ ਸੁਰੇਸ਼ ਕੁਮਾਰ ਨੂੰ ਫੋਨ ਕਰਕੇ ਬੁਲਾਇਆ ਅਤੇ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ। ਇਸ ਦੌਰਾਨ ਦੁਕਾਨਦਾਰਾਂ ਅਤੇ ਕੁੰਦਨ ਗੋਗੀਆ ਨੇ ਨਿਗਮ ਦੇ ਐਕਸੀਅਨ ਸੁਰੇਸ਼ ਕੁਮਾਰ ਨੂੰ ਕਿਹਾ ਕਿ ਇੱਥੇ ਜੋ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੇ ਨਿਕਾਸ ਲਈ ਨਾਲੀਆਂ ਸਨ, ਉਸ ਸਮੇਂ ਪਾਣੀ ਦੀ ਚੰਗੀ ਨਿਕਾਸੀ ਸੀ ਪਰ ਹੁਣ ਇਹ ਪਾਈਪਾਂ ਰਾਹੀਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ।

ਉਨ੍ਹਾਂ ਕਿਹਾ ਕਿ ਅੱਜ 15 ਮਿੰਟ ਦੀ ਬਾਰਿਸ਼ ਨੇ ਹੀ ਇਨ੍ਹਾਂ ਪਾਈਪਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਲਈ ਜੇਕਰ ਸਾਉਣ ਦੇ ਮਹੀਨੇ 'ਚ ਕਾਫੀ ਦਿਨ ਬਾਰਿਸ਼ ਪਏਗੀ ਤਾਂ ਫਿਰ ਪਾਣੀ ਕਿਥੇ ਜਾਏਗਾ? ਇਸ ਦੌਰਾਨ ਐਕਸੀਅਨ ਸੁਰੇਸ਼ ਕੁਮਾਰ ਨੇ ਭਰੋਸਾ ਦਿਵਾਇਆ ਕਿ ਵਿਕਾਸ ਕਾਰਜ ਜਾਰੀ ਹਨ ਤੇ ਕਈ ਥਾਵਾਂ 'ਤੇ ਕੰਮ ਚੱਲਣ ਕਾਰਨ ਰੁਕਾਵਟ ਹੋ ਸਕਦੀ ਹੈ। ਇਸ ਲਈ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਸਾਰੇ ਸ਼ਹਿਰ ਦੇ ਵਿਕਾਸ ਕਾਰਜ ਮੁਕੰਮਲ ਕਰਕੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਜਾਏਗੀ।

ਉਧਰ, 'ਆਪ' ਆਗੂ ਗੋਗੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ 'ਚ ਪਟਿਆਲਵੀਆਂ ਨਾਲ ਹਰ ਸਮੇਂ ਧੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਆਉਣ 'ਤੇ ਸ਼ਹਿਰ 'ਚ ਹੋ ਰਹੇ ਵਿਕਾਸ ਕਾਰਜਾਂ ਦੀ ਮੁੜ ਤੋਂ ਜਾਂਚ ਕਰਵਾਈ ਜਾਏਗੀ। ਇਸ ਮੌਕੇ ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ ਸੁਸ਼ੀਲ ਮਿੱਡਾ, ਸੀਨੀਅਰ ਆਗੂ ਜਗਤਾਰ ਸਿੰਘ ਤਾਰੀ, ਕਰਮਜੀਤ ਸਿੰਘ, ਗੋਲੂ ਰਾਜਪੂਤ, ਸਨੀ ਡਾਬੀ, ਕਨੱਈਆ ਲਾਲ ਮੁਲਤਾਨੀ, ਰੂਬੀ ਭਾਟੀਆ, ਰਕੇਸ਼ ਮਿੰਟੂ, ਨੋਨੀ ਸ਼ਰਮਾ ਤੇ ਹਰਨੀਤ ਸਿੰਘ ਮੌਜੂਦ ਰਹੇ।