ਪੱਤਰ ਪ੍ਰਰੇਰਕ, ਰਾਜਪੁਰਾ

ਇੱਥੋਂ ਦੇ ਰੇਲਵੇ ਸਟੇਸ਼ਨ ਤੇ ਸਮਾਜ-ਸੇਵੀ ਸੰਸਥਾ ਸੇਵਾ ਭਾਰਤੀ ਵੱਲੋਂ ਸਟੇਸ਼ਨ ਸੁਪਰਡੈਂਟ ਅਸ਼ੋਕ ਕੁਮਾਰ ਆਰੀਆ ਦੇ ਸਹਿਯੋਗ ਨਾਲ ਸਵੱਛਤਾ ਅਭਿਆਨ ਤਹਿਤ ਰੇਲਵੇ ਸਟੇਸ਼ਨ 'ਤੇ ਗੱਡੀਆਂ ਦੀ ਉਡੀਕ ਕਰ ਰਹੇ ਤੇ ਰੇਲ ਗੱਡੀਆਂ ਵਿੱਚੋਂ ਉਤਰ ਰਹੇ ਮੁਸਾਫਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸੇਵਾ ਭਾਰਤੀ ਵੱਲੋਂ 20 ਸਾਲਾਂ ਤੋਂ ਚਲਾਏ ਜਾ ਰਹੇ ਸਿੱਖਿਆ ਕੇਂਦਰ ਦੇ ਛੋਟੇ-ਛੋਟੇ ਬੱਚਿਆਂ ਨੇ ਨੁੱਕੜ ਨਾਟਕ ਰਾਹੀਂ ਪ੍ਰਚਾਰ ਕਰ ਕੇ ਸਾਰਿਆਂ ਨੂੰ ਸੁਚੇਤ ਕਰ ਦਿੱਤਾ।

ਇਸ ਮੌਕੇ ਰੇਲਵੇ ਸੁਪਰਡੈਂਟ ਅਸ਼ੋਕ ਅਰੋੜਾ ਨੇ ਦੱਸਿਆ ਕਿ ਰੇਲਵੇ ਦੇ ਅੰਬਾਲਾ ਮੰਡਲ ਦੇ ਡੀਆਰਐੱਮ ਦਿਨੇਸ਼ ਕੁਮਾਰ ਦੇ ਨਿਰਦੇਸ਼ਾਂ 'ਤੇ ਰਾਜਪੁਰਾ ਸਟੇਸ਼ਨ ਤੇ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ। ਸੇਵਾ ਭਾਰਤੀ ਦੇ ਅਹੁਦੇਦਾਰ ਵਕੀਲ ਨਵਦੀਪ ਅਰੋੜਾ ਨੇ ਕਿਹਾ ਕਿ ਸੇਵਾ ਭਾਰਤੀ ਸੰਸਥਾ ਹਮੇਸ਼ਾਂ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਤੱਤਪਰ ਰਹਿੰਦੀ ਹੈ। ਇਸ ਸਵੱਛਤਾ ਮੁਹਿੰਮ ਵਿਚ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਤੇ ਇਸ ਲਈ ਨੁੱਕੜ ਨਾਟਕ ਕਰਕੇ ਸਹਿਜ ਭਾਵ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਆਰਐੱਸ ਗੁਪਤਾ, ਭਾਰਤ ਭੂਸ਼ਨ ਕਾਮਰਾ, ਰਮੇਸ਼ ਕੁਮਾਰ ਅਰੋੜਾ, ਰਜਿੰਦਰ ਕੁਮਾਰ ਪਾਸੀ, ਪ੍ਰਦੀਪ ਵਰਸ਼ਨੇ, ਗਿਰਜੇਸ਼ ਕੁਮਾਰ, ਸਿਹਤ ਵਿਭਾਗ ਦੇ ਇੰਸਪੈਕਟਰ ਪੀਊਸ਼ ਭਾਰਦਵਾਜ, ਅਧਿਆਪਕਾ ਸੁਨੀਤਾ ਰਾਣੀ ਮੌਜੂਦ ਸਨ।