ਸੰਜੇ ਵਰਮਾ, ਪਟਿਆਲਾ : ਵਿਦੇਸ਼ 'ਚ ਵਸੇ ਪੰਜਾਬੀ ਕੋਰੋਨਾ ਵਾਇਰਸ ਕਾਰਨ ਦੋਹਰੀ ਚਿੰਤਾ 'ਚ ਹਨ। ਕੈਨੇਡਾ ਤੇ ਆਸਟ੍ਰੇਲੀਆ 'ਚ ਲੇ ਆਫ (ਘਰ 'ਚ ਰਹਿਣ) ਦੇ ਆਦੇਸ਼ ਤੋਂ ਬਾਅਦ ਵਰਕ ਫਰਾਮ ਹੋਮ ਸਮੇਤ ਉਹ ਪੰਜਾਬ ਦੇ ਹਾਲਾਤ 'ਤੇ ਨਜ਼ਰ ਰੱਖੀ ਬੈਠੇ ਹਨ। ਉਨ੍ਹਾਂ ਨੂੰ ਆਪਣੇ ਨਾਲ-ਨਾਲ ਆਪਣੇ ਘਰ (ਪੰਜਾਬ 'ਚ ਰਹਿਣ ਵਾਲੇ ਮੈਂਬਰਾਂ) ਦੀ ਵੀ ਚਿੰਤਾ ਸਤਾ ਰਹੀ ਹੈ।

ਕੈਨੇਡਾ 'ਚ ਸਕੂਲ ਬੰਦ ਹੋ ਚੁੱਕੇ ਹਨ। ਹਾਲਾਂਕਿ ਆਸਟ੍ਰੇਲੀਆ 'ਚ ਹਾਲੇ ਚਾਈਲਡ ਕੇਅਰ ਸੈਂਟਰ ਖੁੱਲ੍ਹੇ ਹਨ, ਪਰ ਦੂਜੇ ਵਪਾਰਕ ਸੰਸਥਾਨ ਬੰਦ ਹੋਣ ਕਾਰਨ ਪੰਜਾਬੀਆਂ ਨੂੰ ਕੰਮ ਨਾ ਮਿਲਣ ਨਾਲ ਪਰੇਸ਼ਾਨੀ ਹੋ ਰਹੀ ਹੈ। ਭਾਰਤ ਚ 14 ਅਪ੍ਰਰੈਲ ਤਕ ਲਾਕਡਾਊਨ 'ਤੇ ਉਨ੍ਹਾਂ ਭਾਰਤ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ ਤੇ ਇੱਥੇ ਰਹਿਣ ਵਾਲੇ ਸਬੰਧੀਆਂ ਨੂੰ ਹੋਰ ਸਾਵਧਾਨ ਰਹਿਣ ਲਈ ਕਿਹਾ ਹੈ। ਕੈਨੇਡਾ ਦੇ ਮੈਨੀਟੋਬਾ ਸਟੇਟ ਦੇ ਸ਼ਹਿਰ ਥਾਮਸਨ 'ਚ ਬੱਚਿਆਂ ਦੇ ਸਕੂਲ 'ਚ ਪੜ੍ਹਾ ਰਹੀ ਪਟਿਆਲਾ ਦੀ ਰੂਬੀ ਕੌੜਾ ਨੇ ਕਿਹਾ ਕਿ ਕੈਨੇਡਾ 'ਚ ਵੀ ਕੋਰੋਨਾ ਨੂੰ ਲੈ ਕੇ ਚਿੰਤਾ ਵਧੀ ਹੈ।

ਕਈ ਸੰਸਥਾਨਾਂ 'ਚ ਘਰ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। 14 ਅਪ੍ਰਰੈਲ ਤਕ ਲਾਕਡਾਊਨ 'ਚ ਪੰਜਾਬੀ ਐੱਨਆਰਆਈ ਨੂੰ ਤਨਖ਼ਾਹ ਦਿੱਤੀ ਜਾਵੇਗੀ। ਇਸ ਤੋਂ ਬਾਅਦ ਐਮਰਜੈਂਸੀ ਆਮਦਨ ਲਈ ਬਿਨੈ ਕਰਨਾ ਪਵੇਗਾ। ਰੂਬੀ ਨੇ ਕਿਹਾ ਕਿ ਕੈਨੇਡਾ 'ਚ ਰਹਿਣ ਵਾਲੇ ਪੰਜਾਬੀਆਂ ਦੇ ਹਾਲਾਤ ਤਾਂ ਫਿਲਹਾਲ ਠੀਕ ਹਨ। ਜਗਰਾਓਂ ਤੇ ਪਟਿਆਲਾ 'ਚ ਰਹਿਣ ਵਾਲੇ ਸਬੰਧੀਆਂ ਨੂੰ ਵੀ ਚਿੰਤਾ ਸਤਾ ਰਹੀ ਹੈ। ਪੰਜਾਬ 'ਚ ਕਰਫਿਊ ਲੱਗਣ ਤੋਂ ਬਾਅਦ ਸਮਝ ਆਉਂਦਾ ਹੈ ਕਿ ਉੱਥੇ ਹਾਲਾਤ ਕੀ ਹੋਣਗੇ। ਰੂਬੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫ਼ੈਸਲੇ ਨੂੰ ਸਲਾਮ ਕਰਦੀ ਹੈ।

ਆਸਟ੍ਰੇਲੀਆ 'ਚ ਹਾਲਾਤ ਬਿਹਤਰ, ਸਾਵਧਾਨੀ ਦੇ ਤੌਰ 'ਤੇ ਕੁਝ ਸੰਸਥਾਵਾਂ ਬੰਦ

ਆਸਟ੍ਰੇਲੀਆ ਦੇ ਮੈਲਬੌਰਨ 'ਚ ਚਾਈਲਡ ਕੇਅਰ ਸੈਂਟਰ 'ਚ ਕੰਮ ਕਰ ਰਹੀ ਪਟਿਆਲਾ ਦੀ ਸੰਜਨਾ ਕੰਬੋਜ ਨੇ ਕਿਹਾ ਕਿ ਫਿਲਹਾਲ ਆਸਟ੍ਰੇਲੀਆ ਦੇ ਹਾਲਾਤ ਬਿਹਤਰ ਹਨ, ਪਰ ਸਾਵਧਾਨੀ ਦੇ ਤੌਰ 'ਤੇ ਕੁਝ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕ ਚਾਹੇ ਤਾਂ ਘਰੋਂ ਕੰਮ ਕਰ ਸਕਦੇ ਹਨ, ਪਰ ਪੰਜਾਬੀਆਂ ਨੂੰ ਕੁਝ ਕੰਮਾਂ 'ਚ ਕੋਈ ਰਾਹਤ ਨਹੀਂ ਹੈ। ਭਾਰਤ ਦੇ ਹਾਲਾਤ 'ਤੇ ਉਹ ਨਜ਼ਰ ਰੱਖ ਰਹੀ ਹੈ। ਜਲੰਧਰ ਤੇ ਪਟਿਆਲਾ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਬਾਰੇ ਉਨ੍ਹਾਂ ਨੂੰ ਚਿੰਤਾ ਰਹਿੰਦੀ ਹੈ।