ਨਵਦੀਪ ਢੀਂਗਰਾ, ਪਟਿਆਲਾ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਨਿੱਜੀ ਸਿੱਖਿਆ ਮਾਫੀਆ ਨਾਲ ਮਿਲ ਕੇ ਸਮੇਂ-ਸਮੇਂ ਸੂਬਾ ਸਰਕਾਰਾਂ ਭਾਵੇਂ ਉਹ ਕੈਪਟਨ ਹੋਵੇ ਜਾਂ ਬਾਦਲ ਸਰਕਾਰ ਦੋਵਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਸਮੇਤ ਸਰਕਾਰੀ ਸਕੂਲਾਂ ਤੇ ਕਾਲਜਾਂ ਨੂੰ ਗਿਣ-ਮਿੱਥ ਕੇ ਬਰਬਾਦ ਕੀਤਾ ਜਾ ਰਿਹਾ ਹੈ। ਹਰਪਾਲ ਸਿੰਘ ਚੀਮਾ ਵੀਰਵਾਰ ਨੂੰ 'ਆਪ' ਆਗੂਆਂ ਨਾਲ ਪੰਜਾਬੀ ਯੂਨੀਵਰਸਿਟੀ ਦੇ ਪ੍ਰਰੋਫੈਸਰਾਂ, ਲੈਕਚਰਾਰਾਂ ਅਤੇ ਕਰਮਚਾਰੀਆਂ ਵੱਲੋਂ ਲਾਏ ਧਰਨਿਆਂ 'ਚ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਪ੍ਰਰੋ. ਭੀਮ ਇੰਦਰ ਸਿੰਘ, ਨੀਨਾ ਮਿੱਤਲ, ਡਾ. ਬਲਬੀਰ, ਆਰਪੀਐੱਸ ਮਲਹੋਤਰਾ, ਤੇਜਿੰਦਰ ਮਹਿਤਾ, ਰਜਿੰਦਰ ਸਿੰਘ ਬਰਾੜ, ਗੁਰਨਾਮ ਵਿਰਕ ਮੌਜੂਦ ਸਨ।

ਇਥੇ 'ਵਰਸਿਟੀ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਦੀ ਰਿਹਾਇਸ਼ ਅੱਗੇ ਅਧਿਆਪਕ ਸੰਘ ਵੱਲੋਂ ਦਿੱਤੇ ਧਰਨੇ 'ਚ ਬੈਠੇ ਹਰਪਾਲ ਚੀਮਾ ਨੇ ਪੰਜਾਬ ਅਤੇ ਪੰਜਾਬੀਅਤ ਲਈ ਪੰਜਾਬੀ ਯੂਨੀਵਰਸਿਟੀ ਦੀ ਬੇਹੱਦ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਮਾਂ-ਬੋਲੀ ਨੂੰ ਸਮਰਪਿਤ ਅਜਿਹੇ ਅਣਮੁੱਲੇ ਅਦਾਰਿਆਂ ਨੂੰ ਚਲਾ ਨਹੀਂ ਸਕਦੀ ਅਜਿਹੀ ਨਿਕੰਮੀ ਸਰਕਾਰ ਦੀ ਪੰਜਾਬ ਤੇ ਪੰਜਾਬੀਆਂ ਨੂੰ ਕੋਈ ਜ਼ਰੂਰਤ ਨਹੀਂ। ਚੀਮਾ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਪਣੇ ਜੱਦੀ ਸ਼ਹਿਰ ਪਟਿਆਲਾ 'ਚ ਸਥਿਤ ਪੰਜਾਬੀ ਯੂਨੀਵਰਸਿਟੀ ਸਰਕਾਰੀ ਬੇਰੁਖ਼ੀ, ਗ਼ੈਰ ਜ਼ਰੂਰੀ ਸਿਆਸੀ ਦਖ਼ਲਅੰਦਾਜ਼ੀ ਅਤੇ ਲੋੜੀਂਦੇ ਫੰਡਾਂ ਬਗ਼ੈਰ ਦਮ ਤੋੜਦੀ ਜਾ ਰਹੀ ਹੈ।

ਅੱਜ ਹਾਲਾਤ ਇਹ ਹਨ ਕਿ ਪੰਜਾਬੀ ਯੂਨੀਵਰਸਿਟੀ 150 ਕਰੋੜ ਰੁਪਏ ਦੀ ਕਰਜ਼ਾਈ ਹੋ ਚੁੱਕੀ ਹੈ। ਸਰਕਾਰ ਇਸ ਮਿਆਰੀ ਸੰਸਥਾ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਕੋਈ ਰੁਚੀ ਨਹੀਂ ਦਿਖਾ ਰਹੀ, ਜਦਕਿ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਵੀ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਪੰਜਾਬ 'ਚ ਸਿੱਖਿਆ ਦਾ ਬਜਟ ਵਧਾਇਆ ਜਾਵੇ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵਿਸ਼ੇਸ਼ ਵਿੱਤੀ ਪੈਕੇਜ ਰਾਹੀਂ ਵਿੱਤੀ ਸੰਕਟ 'ਚੋਂ ਕੱਿਢਆ ਜਾਵੇ। ਚੀਮਾ ਨੇ ਕਿਹਾ ਕਿ ਜੇਕਰ ਅਧਿਆਪਕਾਂ ਅਤੇ ਪ੍ਰਰੋਫੈਸਰਾਂ ਨੂੰ ਆਪਣੀਆਂ ਤਨਖ਼ਾਹਾਂ ਲਈ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹੋਣ ਤਾਂ ਕਿਸੇ ਵੀ ਸਰਕਾਰ ਲਈ ਬੇਹੱਦ ਸ਼ਰਮਨਾਕ ਵਰਤਾਰਾ ਹੁੰਦਾ ਹੈ।

ਇਸਦੇ ਨਾਲ ਹੀ ਵਾਈਸ ਚਾਂਸਲਰ ਦਫ਼ਤਰ ਅੱਗੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਲਾਏ ਧਰਨੇ ਵਿਚ ਬੈਠੇ ਮੈਂਬਰਾਂ ਨੂੰ ਵੀ ਹਮਾਇਤ ਦਿੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਇਸ ਵਿਧਾਨ ਸਭਾ ਸੈਸ਼ਨ ਵਿਚ ਆਮ ਆਦਮੀ ਪਾਰਟੀ ਵੱਲੋਂ 'ਵਰਸਿਟੀ ਦੇ ਆਰਥਿਕ ਸੰਕਟ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਘੇਰਿਆ ਜਾਵੇਗਾ।