ਐੱਚਐੱਸ ਸੈਣੀ, ਰਜਿੰਦਰ ਮੋਹੀ, ਰਾਜਪੁਰਾ/ਸੰਭੂ : ਕੌਮੀ ਸ਼ਾਹ ਮਾਰਗ ਨੰਬਰ 44 ਰਾਜਪੁਰਾ-ਅੰਬਾਲਾ ਰੋਡ 'ਤੇ ਸਥਿੱਤ ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ 'ਤੇ ਅੱਜ ਸਵੇਰ ਤੋਂ ਹੀ ਕੇਂਦਰ ਦੀ ਮੌਦੀ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਬਿਲ੍ਹਾਂ ਖ਼ਿਲਾਫ਼ ਫਿਲਮੀ ਕਲਾਕਾਰਾਂ, ਪੰਜਾਬੀ ਗਾਇਕਾਂ, ਧਾਰਮਿਕ ਆਗੂਆਂ, ਖਾਲਸਾ ਏਡ ਦੇ ਵਾਲੰਟੀਅਰਾਂ ਤੇ ਇਲਾਕੇ ਦੇ ਕਿਸਾਨ ਜਥੇਬੰਦੀਆਂ ਤੇ ਹੋਰਨਾਂ ਵੱਲੋਂ ਸੜਕੀ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਰੋਸ ਧਰਨੇ ਦੌਰਾਨ ਵਿਸ਼ੇਸ਼ ਤੌਰ 'ਤੇ ਪੰਜਾਬੀ ਫਿਲਮਾਂ ਦੇ ਐਕਟਰ ਦੀਪ ਸਿੱਧੂ, ਪੰਜਾਬੀ ਗਾਇਕ ਕੰਵਰ ਗਰੇਵਾਲ, ਪ੍ਰੀਤ ਹਰਪਾਲ, ਜੱਸ ਬਾਜ਼ਵਾ, ਹਰਫ ਚੀਮਾ, ਸਿੱਪੀ ਗਿੱਲ, ਲੱਖਾ ਸੰਧਾਣਾ ਸਮੇਤ ਹੋਰਨਾਂ ਸ਼ਖਸ਼ੀਅਤਾਂ ਨੇ ਸਮੂਲੀਅਤ ਕਰਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ 3 ਬਿੱਲਾਂ ਨਾਲ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨ ਦੇ ਹੱਕਾਂ 'ਤੇ ਡਾਕਾ ਮਾਰਿਆ ਗਿਆ ਹੈ। ਇਨ੍ਹਾਂ ਪਾਸ ਕੀਤੇ ਬਿੱਲਾਂ ਰਾਹੀਂ ਹੁਣ ਕਿਸਾਨ ਨੂੰ ਆਪਣੇ ਪੁੱਤਰਾਂ ਵਾਂਗ ਪਾਲੀ ਫਸਲ ਨੂੰ ਵੇਚਣ ਲਈ ਕਾਰਪੋਰੇਟ ਘਰਾਣਿਆਂ ਦੀਆਂ ਮਨਮਰਜ਼ੀਆਂ ਦਾ ਸ਼ਿਕਾਰ ਹੋਣਾ ਪਵੇਗਾ।

ਪੰਜਾਬ ਸੂਬੇ ਦਾ ਕਿਸਾਨ ਪਹਿਲਾਂ ਹੀ ਕਰਜ਼ਿਆਂ ਦੀਆਂ ਪੰਡਾਂ ਥੱਲੇ ਦਬਿਆ ਪਿਆ ਤੇ ਫਸਲਾਂ ਦਾ ਸਹੀ ਭਾਅ ਨਾ ਮਿਲਣ ਕਾਰਣ ਦਵਾਈਆਂ, ਸਪਰੇਆਂ ਪੀ ਕੇ ਤੇ ਫਾਹਾ ਲੈ ਕੇ ਖੁਦਕੁਸ਼ੀਆਂ ਦੇ ਰਾਹ 'ਤੇ ਚੱਲ ਰਿਹਾ ਹੈ। ਭਾਂਵੇ ਅੱਜ ਕੇਂਦਰ ਸਰਕਾਰ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਤੇ ਪੰਜਾਬ ਮੰਡੀ ਬੋਰਡ ਤੇ ਮੰਡੀਆਂ ਖਤਮ ਨਾ ਕਰਨ ਦੀ ਦੁਹਾਈ ਦੇ ਰਹੀ ਹੈ ਪਰ ਜੇਕਰ ਆਰਡੀਨੈਂਸ ਜਾਰੀ ਹੋ ਗਏ ਤਾਂ ਕਿਸਾਨ ਆਪਣੀਆਂ ਜਮੀਨਾਂ ਦੇ ਮਾਲਕ ਨਾ ਰਹਿ ਕੇ ਕਾਰਪੋਰੇਟ ਘਰਾਣਿਆਂ ਦੀਆਂ ਕੱਠਪੁਤਲੀਆਂ ਬਣ ਕੇ ਰਹਿ ਜਾਣਗੇ। ਉਨ੍ਹਾਂ ਸਮੂਹ ਪੰਜਾਬ ਦੇ ਕਿਸਾਨ ਵੀਰਾਂ ਤੇ ਕਿਸਾਨੀ ਕਿੱਤੇ ਨਾਲ ਜੁੜੇ ਆੜਤੀਆਂ ਤੇ ਮਜਦੂਰਾਂ ਨੂੰ ਅਪੀਲ ਕੀਤੀ ਕਿ ਜਦੋਂ ਤਕ ਕੇਂਦਰ ਸਰਕਾਰ ਇਸ ਕਾਲੇ ਕਾਨੂੰਨ ਨੂੰ ਵਾਪਸ ਨਹੀ ਲੈਂਦੀ ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇ। ਧਰਨੇ ਦੌਰਾਨ ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਰਾਹੀ ਕਿਸਾਨਾਂ ਦੇ ਦੁੱਖ ਜਾਹਰ ਕਰਦਿਆਂ ਕੇਂਦਰ ਸਰਕਾਰ ਨੂੰ ਭੰਡਿਆ। ਇਸ ਧਰਨੇ ਵਿੱਚ ਧਾਰਮਿਕ ਆਗੂ ਬਾਬਾ ਸਵਰਨ ਸਿੰਘ ਸੈਦਖੇੜੀ, ਕਾਂਗਰਸ ਕਮੇਟੀ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ਼, ਮੀਤ ਪ੍ਰਧਾਨ ਗਗਨਦੀਪ ਜਲਾਲਪੁਰ, ਅਮਨਦੀਪ ਸਿੰਘ ਨਾਗੀ, ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਯੂਥ ਕਾਂਗਰਸ ਘਨੋਰ ਪ੍ਰਧਾਨ ਇੰਦਰਜੀਤ ਗਿਫਟੀ, ਗੁਰਪ੍ਰੀਤ ਸਿੰਘ ਬਾਜ਼ਵਾ, ਪ੍ਰਧਾਨ ਅਨੂ ਪ੍ਰਿਯਾ ਯੂਨੀਵਰਸਿਟੀ, ਉਪਕਾਰ ਸ਼ਰਮਾ,ਬਲਵਿੰਦਰ ਸਿੰਘ ਚਮਾਰੂ ਸਮੇਤ ਵੱਡੀ ਗਿੱਣਤੀ ਵਿੱਚ ਇਲਾਕੇ ਦੇ ਕਿਸਾਨਾਂ ਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ।

Posted By: Amita Verma