ਭਾਰਤ ਭੂਸ਼ਣ ਗੋਇਲ, ਸਮਾਣਾ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲ ਦੇ ਵਿਰੋਧ ਵਿਚ ਕਿਸਾਨ ਸੰਗਠਨਾਂ ਵੱਲੋਂ ਵਿੱਢੇ ਸੰਘਰਸ ਨੂੰ ਸਮਰਥਨ ਦਿੰਦਿਆਂ ਪੰਜਾਬ ਏਕਤਾ ਪਾਰਟੀ ਵਲੋਂ ਸਥਾਨਕ ਅਨਾਜ ਮੰਡੀ ਵਿਚ ਰੋਸ ਧਰਨਾ ਲੱਗਾ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਕੇ ਸੰਸਦ ਵਿਚ ਪਾਸ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪੰਜਾਬ ਏਕਤਾ ਪਾਰਟੀ ਦੇ ਜਨਰਲ ਸਕੱਤਰ ਰਛਪਾਲ ਸਿੰਘ ਜੋੜਾਮਾਜਰਾ ਦੀ ਅਗਵਾਈ ਵਿਚ ਲਗਾਏ ਗਏ ਇਸ ਧਰਨੇ ਵਿਚ ਵਿਸ਼ੇਸ਼ ਤੋਰ ਤੇ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਬਿੱਲ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਦੱਸਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਬਿੱਲਾਂ ਖਿਲਾਫ਼ ਆਰ-ਪਾਰ ਦੀ ਲੜਾਈ ਵਿੱਢ ਦੇਣੀ ਚਾਹੀਦੀ ਹੈ। ਕਿਸੇ ਵੀ ਸਾਂਝੇੇ ਸੰਘਰਸ਼ ਲਈ ਸਾਡੀ ਪਾਰਟੀ ਵੀ ਮੁਦਈ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਲੜਾਈ ਪੰਜਾਬ ਦੇ ਭਵਿੱਖ ਦੀ ਹੈ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਨੀ ਚਾਹੀਦੀ ਹੈ, ਜੇਕਰ ਅਸੀ ਹੁਣ ਵੀ ਇੱਕ ਨਾ ਹੋਏ ਤਾਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਗਿਣੀ-ਮਿਥੀ ਸਾਜਿਸ ਤਹਿਤ ਸੂਬੇ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ। ਇਸ ਮੌਕੇ ਸਾਬਕਾ ਸਾਂਸਦ ਡਾ: ਧਰਮਵੀਰ ਗਾਂਧੀ, ਰਛਪਾਲ ਸਿੰਘ ਜੋੜਾਮਾਜਰਾ, ਜਗਦੇਵ ਸਿੰਘ ਕਮਾਲੂ ਵਿਧਾਇਕ ਮੋੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਰ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਪਾਰਟੀਆਂ ਇਨ੍ਹਾਂ ਬਿੱਲਾਂ ਦਾ ਸਮੇਂ ਸਿਰ ਵਿਰੋਧ ਕਰਦੀਆਂ ਤਾਂ ਅੱਜ ਕਿਸਾਨਾਂ ਨੂੰ ਸੜਕਾਂ ਤੇ ਨਾ ਰੁਲਨਾ ਪੈਂਦਾ। ਇਸ ਮੌਕੇ ਦਲਵਿੰਦਰ ਧੰਜੂ, ਹਰਪ੍ਰਰੀਤ ਸਿੰਘ ਬਾਜਵਾ, ਜੋਰਾ ਚੀਮਾਂ, ਗੁਰਸੇਵਕ ਸਿੰਘ, ਜੱਜ ਸਿੰਘ ਪਾਤੜਾਂ, ਰੁਪੇਸ਼ ਸ਼ਰਮਾਂ, ਪਾਲ ਸਿੰਘ ਘੁੰਮਣ, ਗੁਰਜੰਟ ਸਿੰਘ ਛੰਨਾ, ਗੁਰਜੀਤ ਸਿੰਘ ਚੱਠਾ, ਸੁਖਦੇਵ ਸਿੰਘ,ਹਰਵਿੰਦਰ ਸਿੰਘ ਤਰਖਾਣ ਮਾਜਰਾ ਨੇ ਵੀ ਸੰਬੋਧਨ ਕੀਤਾ।