ਨਵਦੀਪ ਢੀਂਗਰਾ, ਪਟਿਆਲਾ : ਪੰਜਾਬ ਕਾਂਗਰਸ ਵਿਚ ਆਪਣੇ ਹੀ ਆਪਣਿਆਂ ’ਤੇ ਭਾਰੀ ਪੈ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਵੀ ਅਜਿਹਾ ਹੀ ਹੋਇਆ ਹੈ। ਨਵੇਂ ਮੁੱਖ ਮੰਤਰੀ ਬਣਨ ਤੋਂ ਠੀਕ ਇਕ ਦਿਨ ਪਹਿਲਾਂ ਬ੍ਰਹਮ ਮਹਿੰਦਰਾ ਦੇ ਆਪਣੇ ਹਲਕੇ ਵਿਚ ਟਕਸਾਲੀ ਕਾਂਗਰਸੀ ਆਗੂਆਂ ਨੇ ਬਗ਼ਾਵਤ ਕਰਦਿਆਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਬ੍ਰਹਮ ਮਹਿੰਦਰਾ ਦੀ ਬਜਾਏ ਹੋਰ ਨਾਮ ’ਤੇ ਵਿਚਾਰਾਂ ਸ਼ੁਰੂ ਹੋ ਗਈਆਂ। ਬ੍ਰਹਮ ਮਹਿੰਦਰਾ ਕੋਲੋਂ ਉਪ ਮੁੱਖ ਮੰਤਰੀ ਦਾ ਅਹੁਦਾ ਖੁੱਸਣ ਦੇ ਨਾਲ ਹੁਣ ਅਗਲੀ ਚੋਣ ਵਿਚ ਟਿਕਟ ਲੈਣ ਵਿਚ ਵੀ ਟਕਸਾਲੀ ਕਾਂਗਰਸੀ ਅੜਿੱਕਾ ਬਣਨਗੇ।

ਮਹਾਰਾਣੀ ਕਲੱਬ ਵਿਖੇ ਸ਼ਨਿੱਚਰਵਾਰ ਨੂੰ ਪਟਿਆਲ਼ਾ ਦਿਹਾਤੀ ਦੇ ਟਕਸਾਲੀ ਕਾਂਗਰਸੀਆਂ ਦੀ ਇਕੱਤਰਤਾ ਹੋਈ ਜਿਸ ਦਾ ਸਾਰਾ ਪ੍ਰਬੰਧ ਵੀ ਜ਼ਿਲ੍ਹੇ ਨਾਲ ਸਬੰਧਤ ਕੈਬਨਿਟ ਮੰਤਰੀ ਦੇ ਓਐੱਸਡੀ ਕਹੇ ਜਾਣ ਵਾਲੇ ਵਿਅਕਤੀ ਵੱਲੋਂ ਕੀਤਾ ਗਿਆ। ਮੀਟਿੰਗ ਵਿਚ ਸਾਬਕਾ ਮੇਅਰ ਇੰਦਰਜੀਤ ਸਿੰਘ ਬੋਪਾਰਾਏ, ਸਾਬਕਾ ਕੌਂਸਲਰ ਦਲਜੀਤ ਸਿੰਘ ਚਹਿਲ, ਬਲਵਿੰਦਰ ਪਾਲ ਸ਼ਰਮਾ, ਰਮਾ ਪੁਰੀ, ਅਰਵਿੰਦ ਸਮੇਤ ਹੋਰ ਟਕਸਾਲੀ ਕਾਂਗਰਸੀ ਸ਼ਾਮਲ ਹੋਏ। ਦਿਲਚਸਪ ਗੱਲ ਇਹ ਹੈ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਖ਼ਿਲਾਫ਼ ਹੋਈ ਇਸ ਬੈਠਕ ਵਿਚ ਸ਼ਹਿਰ ਦੇ ਇਕ ਵਾਰਡ ਦੀ ਮੌਜੂਦਾ ਕੌਂਸਲਰ ਦਾ ਪਤੀ ਤੇ ਵਪਾਰੀ ਨੇਤਾ ਵੀ ਸ਼ਾਮਲ ਹੋਇਆ। ਸਮੂਹ ਕਾਂਗਰਸੀਆਂ ਨੇ ਇਕਜੁੱਟ ਹੋ ਕੇ ਬ੍ਰਹਮਹਿੰਦਰਾ ਖ਼ਿਲਾਫ਼ ਡਟਣ ਦਾ ਸੰਕਲਪ ਲਿਆ। ਇਸ ਦੌਰਾਨ ਮਤਾ ਪਾਇਆ ਗਿਆ ਕਿ ਪਟਿਆਲਾ ਦਿਹਾਤੀ ਹਲਕੇ ਤੋਂ ਨਾ ਤਾਂ ਬ੍ਰਹਮ ਮਹਿੰਦਰਾ ਨੂੰ ਟਿਕਟ ਦੇਣ ਦਿੱਤੀ ਜਾਵੇਗੀ ਤੇ ਨਾ ਹੀ ਉਨ੍ਹਾਂ ਦੇ ਲੜਕੇ ਮੋਹਿਤ ਮੋਹਿੰਦਰਾ ਨੂੰ ਇਸ ਹਲਕੇ ਵਿਚ ਚੋਣ ਲੜਨ ਦਿੱਤੀ ਜਾਵੇਗੀ। ਟਕਸਾਲੀ ਕਾਂਗਰਸੀਆਂ ਵਿਚ ਰੋਸ ਹੈ ਕਿ 10 ਸਾਲ ਅਕਾਲੀ ਸਰਕਾਰ ਦੌਰਾਨ ਉਨ੍ਹਾਂ ਨੇ ਬ੍ਰਹਮ ਮਹਿੰਦਰਾ ਦਾ ਸਾਥ ਦਿੱਤਾ ਪਰ ਸਰਕਾਰ ਬਣਨ ’ਤੇ ਨਿਗਮ ਚੋਣਾਂ ਵਿਚ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਮੀਟਿੰਗ ਵਿਚ ਸ਼ਾਮਲ ਕਾਂਗਰਸੀ ਆਗੂਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬ੍ਰਹਮ ਮਹਿੰਦਰਾ ਵੱਲੋਂ ਆਪਣੇ ਪੁਰਾਣੇ ਸਹਿਯੋਗੀਆਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।

ਸ਼ਹਿਰ ’ਚ ਲੱਗੇ ਬੋਰਡ, ਉੱਪ ਮੁੱਖ ਮੰਤਰੀ ਬਣ ਗਿਆ ਕੋਈ ਹੋਰ

ਪੰਜਾਬ ਵਿਚ ਸਿਆਸਤ ਦੇ ਬਦਲਦੇ ਸਮੀਕਰਨ ਦੌਰਾਨ ਕਾਂਗਰਸੀ ਵਰਕਰ ਵੀ ਭੰਬਲਭੂਸੇ ’ਚ ਰਹੇ ਹਨ। ਪਹਿਲਾਂ ਮੁੱਖ ਮੰਤਰੀ ਦੇ ਨਾਮ ਅਤੇ ਫਿਰ ਉਪ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਭੰਬਲਭੂਸਾ ਬਣਿਆ ਰਿਹਾ ਤੇ ਕਈ ਕਾਂਗਰਸੀਆਂ ਨੇ ਆਪਣੇ ਆਕਾਵਾਂ ਨੂੰ ਖੁੁਸ਼ ਕਰਨ ਲਈ ਸੋਸ਼ਲ ਮੀਡੀਆ ’ਤੇ ਵਧਾਈਆਂ ਤੇ ਤਸਵੀਰਾਂ ਵੀ ਸਾਂਝੀਆਂ ਕਰ ਦਿੱਤੀਆਂ। ਸ਼ਹਿਰ ਵਿਚ ਵੱਡੇ-ਵੱਡੇ ਫਲੈਕਸ ਬੋਰਡ ਲਗਾ ਕੇ ਵਿਜੇ ਰੱਥ ਯਾਤਰਾ ਵੀ ਕੱਢਦਿਆਂ ਜਸ਼ਨ ਵੀ ਮਨਾ ਲਏ ਗਏ। ਉਪ ਮੁੱਖ ਮੰਤਰੀ ਦੇ ਅਹੁਦੇ ਲਈ ਬ੍ਰਹਮ ਮਹਿੰਦਰਾ ਦੇ ਨਾਮ ਦਾ ਅਧਿਕਾਰਤ ਤੌਰ ’ਤੇ ਐਲਾਨ ਹੋਣ ਤੋਂ ਪਹਿਲਾਂ ਹੀ ਪਟਿਆਲਾ ਵਿਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੱਡੇ ਬੋਰਡ ਲਗਾ ਦਿੱਤੇ ਗਏ। ਸ਼ਾਮ ਸਮੇਂ ਵਿਜੇ ਰੱਥ ਯਾਤਰਾ ਕੱਢਿਆਂ ਪਟਾਕੇ ਚਲਾਉਣ ਦੇ ਨਾਲ ਗੁਲਾਲ ਵੀ ਉਡਾਏ। ਬ੍ਰਹਮ ਮਹਿੰਦਰਾ ਦੇ ਸਮਰਥਕਾਂ ਵੱਲੋਂ ਦੇਰ ਰਾਤ ਤਕ ਸ਼ਹਿਰ ਦੇ ਮਹਿੰਗੇ ਹੋਟਲਾਂ ਵਿਚ ਪਾਰਟੀਆਂ ਵੀ ਕੀਤੀਆਂ ਗਈਆਂ ਪਰ ਸਵੇਰ ਸਮੇਂ ਉਪ ਮੁੱਖ ਮੰਤਰੀ ਦਾ ਨਾਮ ਬਦਲਣ ’ਤੇ ਬ੍ਰਹਮ ਦੇ ਸਮਰਥਕਾਂ ਦੇ ਚਿਹਰਿਆਂ ਤੋਂ ਹਵਾਈਆਂ ਵੀ ਉੱਡ ਗਈਆਂ।

ਅੱਠ ਵਾਰ ਚੋਣ ਲੜ ਕੇ 6 ਵਾਰ ਜਿੱਤ ਚੁੱਕੇ ਨੇ ਬ੍ਰਹਮ

ਬ੍ਰਹਮ ਮਹਿੰਦਰਾ ਕਾਂਗਰਸੀ ਦੇ ਸੀਨੀਅਰ ਆਗੂ ਹਨ ਜਿਨ੍ਹਾਂ ਨੇ ਅੱਠ ਵਿਧਾਨ ਸਭਾ ਚੋਣਾਂ ਵਿਚੋਂ ਛੇ ਵਾਰ ਜਿੱਤ ਹਾਸਲ ਕੀਤੀ ਹੈ। ਇਸੇ ਸੀਨੀਆਰਤਾ ਦੇ ਆਧਾਰ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਬ੍ਰਹਮ ਮਹਿੰਦਰਾ ਨੂੰ ਕੈਬਨਿਟ ਵਿਚ ਜਗ੍ਹਾ ਤੇ ਅਹਿਮ ਮਹਿਕਮਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ। ਬ੍ਰਹਮ ਮਹਿੰਦਰਾ ਨੇ ਸਾਲ 1980, 85,92 ਵਿਚ ਪਟਿਆਲਾ ਸ਼ਹਿਰੀ ਹਲਕੇ ਤੋਂ ਜਿੱਤ ਦੀ ਹੈਟ੍ਰਿਕ ਬਣਾਈ ਜਦੋਂਕਿ 1997 ਵਿਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਕੋਹਲੀ ਨੇ ਬ੍ਰਹਮ ਮਹਿੰਦਰਾ ਦੇ ਜੇਤੂ ਰੱਥ ਨੂੰ ਰੋਕਿਆ ਜਿਸ ਤੋਂ ਬਾਅਦ 2002 ਵਿਚ ਬ੍ਰਹਮ ਮਹਿੰਦਰਾ ਨੇ ਹਲਕਾ ਸਮਾਣਾ ਤੋਂ ਚੋਣ ਲੜੀ ਪਰ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੋਂ ਹਾਰ ਗਏ। ਸਾਲ 2007 ਵਿਚ ਇਸੇ ਹਲਕੇ ਤੋਂ ਮੁੜ ਚੋਣ ਲੜ ਕੇ ਬ੍ਰਹਮ ਨੇ ਜਿੱਤ ਹਾਸਲ ਕੀਤੀ। 2012 ਵਿਚ ਫਿਰ ਹਲਕਾ ਬਦਲਿਆ ਗਿਆ ਤੇ ਬ੍ਰਹਮ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਲੜਦਿਆਂ ਅਕਾਲੀ ਉਮੀਦਵਾਰ ਕੁਲਦੀਪ ਕੌਰ ਟੌਹੜਾ ਨੂੰ ਹਰਾਇਆ। 2017 ਵਿਚ ਬ੍ਰਹਮ ਮੋਹਿੰਦਰਾ ਨੇ ਮੁੜ ਇਸੇ ਹਲਕੇ ਤੋਂ ਜਿੱਤ ਹਾਸਲ ਕੀਤੀ। ਮੌਜੂਦਾ ਦਿਨਾਂ ਵਿਚ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਪਟਿਆਲਾ ਦਿਹਾਤੀ ਹਲਕੇ ਵਿਚ ਪੂਰੀ ਤਰ੍ਹਾਂ ਸਰਗਰਮ ਹਨ ਤੇ ਅਗਲੀ ਚੋਣ ਲੜਨ ਦੇ ਇੱਛੁਕ ਵੀ ਹਨ।

... ਤੇ ਹੁਣ ਮੋਤੀ ਮਹਿਲ ਦੇ ਵੀ ਖੁੱਲ੍ਹੇ ਦਰਵਾਜ਼ੇ

ਮੁੱਖ ਮੰਤਰੀ ਬਦਲਣ ਤੋਂ ਬਾਅਦ ਆਖਰ ਮੋਤੀ ਮਹਿਲ ਦੇ ਦਰਵਾਜੇ ਖੁੱਲ੍ਹਣ ਲੱਗੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਆਪਣੇ ਹਲਕੇ ਵਿਚੋਂ ਗ਼ੈਰ-ਹਾਜ਼ਰ ਰਹਿਣ ਦੇ ਨਾਲ ਉਨ੍ਹਾਂ ਦੀ ਨਿੱਜੀ ਰਿਹਾਇਸ਼ ਮੋਤੀ ਮਹਿਲ ਦੇ ਦਰਵਾਜ਼ੇ ਬੰਦ ਰਹਿਣਾ ਵੀ ਚਰਚਾ ਦਾ ਵਿਸ਼ਾ ਰਿਹਾ ਹੈ। ਕਦੇ ਕੋਰੋਨਾ ਤੇ ਕਦੇ ਸੁਰੱਖਿਆ ਦੇ ਬਹਾਨੇ ਮੋਤੀ ਮਹਿਲ ਦੇ ਦਰਵਾਜ਼ੇ ਸਾਢੇ ਚਾਰ ਸਾਲ ਤਕ ਅਕਸਰ ਬੰਦ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਮਹਿਲ ਦੀ ਬਜਾਏ ਸਰਕਟ ਹਾਊਸ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਸਨ। ਮੁੱਖ ਮੰਤਰੀ ਬਦਲਣ ਤੋਂ ਬਾਅਦ ਅਚਾਨਕ ਸੋਮਵਾਰ ਨੂੰ ਮੋਤੀ ਮਹਿਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਇਸ ਸਬੰਧੀ ਮਹਿਲ ਤੋਂ ਸੁਨੇੇਹੇ ਭੇਜੇ ਜਾ ਰਹੇ ਹਨ ਜਿਸ ਵਿਚ ਸਵੇਰੇ ਸਾਢੇ 10 ਵਜੇ ਤੋਂ ਦੁਪਹਿਰ ਇਕ ਵਜੇ ਤਕ ਨਿਊ ਮੋਤੀ ਬਾਗ ਪੈਲੇਸ ਵਿਚ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਮੁਲਾਕਾਤ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

Posted By: Ravneet Kaur