ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਅਥਾਰਟੀ ਵੱਲੋਂ ਪਿਛਲੇ ਦਿਨੀਂ ਕੱਢੇ ਗਏ ਛਾਂਟੀ ਸਬੰਧੀ ਪੱਤਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਰੋਸ ਮਾਰਚ ਕੱਢਿਆ ਹੈ।

ਖੋਜਾਰਥੀ ਵਰਿੰਦਰ ਸਿੰਘ ਤੇ ਅਮਨਦੀਪ ਸਿੰਘ ਦਾ ਕਹਿਣਾ ਹੈ, ''ਇਸ ਨੋਟਿਸ ਤੇ ਅਧਿਆਪਕਾਂ ਦੀ ਛਾਂਟੀ ਕਰਨ ਨਾਲ ਰੁਜ਼ਗਾਰ 'ਤੇ ਸੱਟ ਵੱਜੇਗੀ। ਯੂਨੀਵਰਸਿਟੀ ਵਿਚ ਨਾ ਤਾਂ ਨਵੀਂ ਪੱਕੀ ਭਰਤੀ ਹੋ ਰਹੀ ਹੈ ਸਗੋਂ ਜਿਹੜੇ ਕੰਟਰੈਕਟ ਤੇ ਗੈਸਟ ਫੈਕਲਟੀ ਹਨ ਉਨ੍ਹਆਂ ਨੂੰ ਬਾਹਰ ਕਰ ਕੇ ਬੋਝ ਖੋਜਾਰਥੀਆਂ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਜੀਸੀ ਵੱਲੋਂ ਖੋਜਾਰਥੀਆਂ ਲਈ ਫੈਲੋਸ਼ਿਪ ਖੋਜ ਲਈ ਮਿਲਦੀ ਹੈ ਨਾ ਕਿ ਅਧਿਆਪਨ ਲਈ। ਖੋਜਾਰਥੀਆਂ ਨੇ ਕਿਹਾ ਕਿ ਜਦੋਂ ਤਕ ਨੋਟਿਸ ਵਾਪਸ ਨਹੀਂ ਹੋ ਜਾਂਦਾ ਉਦੋਂ ਤਕ ਸੰਘਰਸ਼ ਜਾਰੀ ਰਹੇਗਾ''।

ਦੱਸਿਆ ਗਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਡੀਨ ਅਕਾਦਮਿਕ ਮਾਮਲੇ ਦੇ ਦਸਤਖ਼ਤਾਂ ਹੇਠ 12 ਅਪ੍ਰਰੈਲ ਨੂੰ ਨੋਟਿਸ ਯੂਨੀਵਰਸਿਟੀ ਦੇ ਕੰਸਟੀਚੂਐਂਟ ਕਾਲਜਾਂ ਦੇ ਪਿ੍ੰਸੀਪਲਾਂ ਨੂੰ ਭੇਜਿਆ ਗਿਆ ਸੀ, ਜਿਸ ਵਿਚ ਅਧਿਆਪਕਾਂ ਦੇ ਵਰਕਲੋਡ ਨਾਲ ਸਬੰਧਤ ਵੇਰਵੇ ਮੰਗੇ ਗਏ। ਇਹ ਨੋਟਿਸ ਸਿੱਧਾ ਸਿੱਧਾ ਗੈਸਟ ਫੈਕਲਟੀ ਤੇ ਕੰਟਰੈਕਟ ਅਧਿਆਪਕਾਂ ਦੀ ਛਾਂਟੀ ਦੀ ਗੱਲ ਕਰ ਰਿਹਾ ਹੈ। ਇਸ ਮੁਤਾਬਕ ਪਹਿਲਾਂ ਰੈਗੂਲਰ ਅਧਿਆਪਕਾਂ ਦਾ ਵਰਕਲੋਡ ਪੂਰਾ ਕੀਤਾ ਜਾਵੇਗਾ, ਬਾਕੀ ਵਰਕਲੋਡ ਖੋਜਾਰਥੀਆਂ ਵਿਚ ਵੰਡ ਕੇ ਉਸ ਤੋਂ ਬਾਅਦ ਜੇ ਕੁਝ ਬਚਦਾ ਹੈ ਤਾਂ ਫੇਰ ਉਸ ਲਈ ਕੰਟਰੈਕਟ ਤੇ ਗੈਸਟ ਫੈਕਲਟੀ ਨੂੰ ਪੜ੍ਹਾਉਣ ਦਾ ਮੌਕਾ ਦਿੱਤਾ ਜਾਵੇਗਾ ਤੇ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਵਰਕਲੋਡ ਰੈਗੂਲਰ ਅਧਿਆਪਕਾਂ ਤੇ ਖੋਜਾਰਥੀਆਂ ਵਿਚ ਵੰਡ ਦਿੱਤਾ ਜਾਵੇ। ਜਿਸ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਜਟ ਵਿਵਸਥਾ ਠੀਕ ਕਰਨਾ ਕਿਹਾ ਹੈ। ਇਸ ਮੌਕੇ ਏਆਈਐੱਸਐੱਫ ਤੋਂ ਵਰਿੰਦਰ, ਐੱਸਐੱਫਆਈ ਤੋਂ ਅੰਮਿ੍ਤ, ਪੀਐੱਸਯੂ ਤੋਂ ਅਮਨਦੀਪ, ਪੀਐੱਸਯੂ (ਲਲਕਾਰ) ਤੋਂ ਹਰਪ੍ਰਰੀਤ, ਪੀਆਰਐੱਸਯੂ ਤੋਂ ਸੰਦੀਪ ਕੌਰ, ਡੀਐੱਸਓ ਤੋਂ ਬਲਕਾਰ ਤੇ ਆਇਸਾ ਤੋਂ ਮਨਪ੍ਰਰੀਤ ਬਾਠ ਆਦਿ ਹਾਜ਼ਰ ਸਨ।