ਸਟਾਫ਼ ਰਿਪੋਰਟਰ, ਪਟਿਆਲਾ : ਪੰਜਾਬੀ ਯੂਨੀਵਰਸਿਟੀ 'ਚ ਆਈਏਐੱਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਵਾਈਸ ਚਾਂਸਲਰ ਦਾ ਓਐੱਸਡੀ ਲਾਉਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਮਨਜੀਤ ਸਿੰਘ ਨਾਰੰਗ ਵੱਲੋਂ ਇਸ ਨਿਯੁਕਤੀ ਲਈ ਮਨ੍ਹਾਂ ਕਰਨ ਤੋਂ ਬਾਅਦ 'ਵਰਸਿਟੀ ਪ੍ਰਸ਼ਾਸਨ ਨੇ ਆਪਣਾ ਨੋਟੀਫਿਕੇਸ਼ਨ ਵੀ ਵਾਪਸ ਲੈ ਲਿਆ, ਜਿਸ ਦੀਆਂ ਚਰਚਾਵਾਂ ਮੰਗਲਵਾਰ ਦੇਰ ਸ਼ਾਮ ਤਕ ਯੂਨੀਵਰਸਿਟੀ ਕਰਮਚਾਰੀਆਂ ਵਿਚ ਹੁੰਦੀਆਂ ਰਹੀਆਂ।

ਕੀ ਇਹ ਮਾਮਲਾ ?

ਜਾਣਕਾਰ ਦੱਸਦੇ ਹਨ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਨਜੀਤ ਸਿੰਘ ਨਾਰੰਗ ਨਾਲ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਆਈਏਐੱਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਯੂਨੀਵਰਸਿਟੀ ਦੇ ਹਾਲਾਤ ਵਿਚ ਸੁਧਾਰ ਲਿਆਉਣ ਦੇ ਮਕਸਦ ਨਾਲ ਉਨ੍ਹਾਂ ਦੀਆਂ ਸੇਵਾਵਾਂ ਲੈਣ ਦੀ ਗੱਲ ਵੀ ਕੀਤੀ ਗਈ ਪਰ ਮੰਗਲਵਾਰ ਅਚਾਨਕ ਦੁਪਹਿਰ ਬਾਅਦ ਮਨਜੀਤ ਸਿੰਘ ਨਾਰੰਗ ਦੇ ਮੋਬਾਈਲ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦਾ ਫ਼ੋਨ ਗਿਆ। ਨਾਰੰਗ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਵੀਸੀ ਦਾ ਓਐੱਸਡੀ ਨਿਯੁਕਤ ਕੀਤਾ ਗਿਆ ਹੈ ਪਰ ਮਨਜੀਤ ਸਿੰਘ ਨਾਰੰਗ ਨੇ ਅਧਿਕਾਰੀ ਨੂੰ ਮੌਕੇ 'ਤੇ ਹੀ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ।

ਦੂਜੇ ਪਾਸੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਦੇਰ ਸ਼ਾਮ ਤਕ ਯੂਨੀਵਰਸਿਟੀ ਮੁਲਾਜ਼ਮਾਂ ਵਿਚ ਇਸ ਮਾਮਲੇ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ। ਦੱਸਣਾ ਬਣਦਾ ਹੈ ਕਿ ਸੇਵਾ ਮੁਕਤ ਪ੍ਰੋ. ਨਰਿੰਦਰ ਅੱਤਰੀ ਮੌਜੂਦਾ ਸਮੇਂ ਵਿਚ ਵੀਸੀ ਦੇ ਓਐੱਸਡੀ ਦੇ ਤੌਰ 'ਤੇ ਕੰਮ ਕਰ ਰਹੇ ਹਨ।

ਨਿਯੁਕਤੀ ਲਈ ਨਹੀਂ, ਸੇਵਾਵਾਂ ਦੇਣ ਨੂੰ ਤਿਆਰ ਹਾਂ : ਨਾਰੰਗ

ਜਦੋਂ ਇਸ ਸਬੰਧੀ ਆਈਏਐੱਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਉਨ੍ਹਾਂ ਨੂੰ ਯੂਨੀਵਰਸਿਟੀ ਤੋਂ ਫੋਨ ਆਇਆ ਸੀ ਤੇ ਦੱਸਿਆ ਗਿਆ ਕਿ ਉਨ੍ਹਾਂ ਨੂੰ ਓਐੱਸਡੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਪਰ ਯੂਨੀਵਰਸਿਟੀ ਦੀ ਬਿਹਤਰੀ ਲਈ ਜੋ ਸੇਵਾਵਾਂ ਚਾਹੀਦੀਆਂ ਹਨ, ਉਹ ਦੇਣ ਲਈ ਤਿਆਰ ਹਨ।