ਸਟਾਫ ਰਿਪੋਰਟਰ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਖੁੱਲ੍ਹਣ ਨਾਲ ਰੋਸ ਧਰਨਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਛੁੱਟੀ ਵਾਲੇ ਦਿਨ ਦਫ਼ਤਰ ਬੁਲਾਉਣ ਤੋਂ ਭੜਕੇ ਮੁਲਾਜ਼ਮਾਂ ਨੇ ਰੋਸ ਮਾਰਚ ਕਰਦਿਆਂ ਵੀਸੀ ਦਫ਼ਤਰ ਵਿਚ ਹੋਰਨਾਂ ਦਫ਼ਤਰਾਂ ਦੀਆਂ ਚਾਬੀਆਂ ਰੱਖਦਿਆਂ ਅਜਿਹੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਪ੍ਰਧਾਨ ਰਾਜੂ ਨੇ ਕਿਹਾ ਕਿ ਸੰਘ ਵੱਲੋਂ ਬੁੱਧਵਾਰ ਨੂੰ ਸਾਰੇ ਵਿਭਾਗਾਂ ਅੰਦਰ ਕੰਮ ਕਰਦੇ ਗ਼ੈਰ ਅਧਿਆਪਨ ਕਰਮਚਾਰੀਆਂ ਤੋਂ ਚਾਬੀਆਂ ਲੈ ਕੇ ਵਾਈਸ ਚਾਂਸਲਰ ਦਫ਼ਤਰ ਵਿਚ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜਾਣ ਤਕ ਇਹ ਵਿਭਾਗ ਬੰਦ ਰੱਖੇ ਜਾਣਗੇ।

ਪੰਜਾਬੀ ਯੂਨੀਵਰਸਿਟੀ ਦੀ ਕਾਰਜਕਾਰੀ ਵਾਈਸ ਚਾਂਸਲਰ ਆਈਏਐੱਸ ਰਵਨੀਤ ਕੌਰ ਨੇ ਯੂਨੀਵਰਸਿਟੀ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਗ਼ੈਰ ਅਧਿਆਪਕ ਅਮਲੇ ਨੂੰ ਛੁੱਟੀ ਵਾਲੇ ਦਿਨ ਵਿਭਾਗ ਆਉਣ ਲਈ ਪੱਤਰ ਜਾਰੀ ਕੀਤਾ ਹੋਇਆ ਹੈ। ਇਸ ਦਾ ਪੰਜਾਬੀ ਯੂਨੀਵਰਸਿਟੀ ਬੀ ਤੇ ਸੀ ਵਰਗ ਐਸੋਸੀਏਸ਼ਨ ਨੇ ਵਿਰੋਧ ਕੀਤਾ ਹੈ। ਇਸ ਕਾਰਨ ਪੰਜਾਬੀ ਯੂਨੀਵਰਸਿਟੀ ਕਰਮਚਾਰੀ ਸੰਘ ਨੇ ਰਜਿਸਟਰਾਰ ਨੂੰ ਮੰਗ ਪੱਤਰ ਦੇ ਕੇ ਪੱਤਰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਰਾਜੂ ਨੇ ਰਜਿਸਟਰਾਰ ਤੋਂ ਮੰਗ ਕਰਦੇ ਹੋਏ ਛੁੱਟੀ ਵਾਲੇ ਦਿਨ ਸ਼ਨਿੱਚਰਵਾਰ ਤੇ ਐਤਵਾਰ ਨੂੰ ਗ਼ੈਰ ਅਧਿਆਪਨ ਅਮਲੇ ਨੂੰ ਨਾ ਬੁਲਾਉਣ ਦੀ ਮੰਗ ਕੀਤੀ ਹੈ। ਕੁਝ ਦਿਨ ਪਹਿਲਾਂ ਡੀਨ ਅਕਾਦਮਿਕ ਵੱਲੋਂ ਪੱਤਰ ਜਾਰੀ ਕਰ ਕੇ ਗ਼ੈਰ ਅਧਿਆਪਨ ਅਮਲੇ ਨੂੰ ਵਿਭਾਗਾਂ 'ਚ ਆਉਣ ਲਈ ਕਿਹਾ ਹੈ, ਜੋ ਸਿੱਧੇ ਤੌਰ ਤੇ ਗੈਰ ਅਧਿਆਪਨ ਨਾਲ ਧੱਕੇਸ਼ਾਹੀ ਤੇ ਬੇਇਨਸਾਫ਼ੀ ਹੈ।