ਨਵਦੀਪ ਢੀਂਗਰਾ, ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ 'ਚ ਮੁਲਾਜ਼ਮਾਂ ਦੀ ਭਰਤੀ ਖੁੱਲ੍ਹਣ ਤੋਂ ਪਹਿਲਾਂ ਹੀ ਠੰਢੇ ਬਸਤੇ 'ਚ ਪਾ ਦਿੱਤੀ ਗਈ ਹੈ। ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਇਸ਼ਤਿਹਾਰ ਦੇਣ ਤੋਂ ਬਾਅਦ ਦਰਖਾਸਤਾਂ ਲੈਣ ਤੋਂ ਠੀਕ ਤਿੰਨ ਦਿਨ ਪਹਿਲਾਂ ਭਰਤੀ ਪ੍ਰਕਿਰਿਆ ਨੂੰ ਬਰੇਕਾਂ ਲਾ ਦਿੱਤੀਆਂ ਗਈਆਂ ਹਨ। ਪਾਵਰਕਾਮ ਨੇ ਕੁਝ ਔਕੜਾਂ ਦਾ ਵਾਸਤਾ ਦੇ ਕੇ ਇਸ ਭਰਤੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਸਹਾਇਕ ਇੰਜੀਨੀਅਰ ਦੀਆਂ 3500 ਖਾਲੀ ਅਸਾਮੀਆਂ ਭਰਨ ਲਈ 6 ਜੁਲਾਈ ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਉਕਤ ਅਸਾਮੀਆਂ ਲਈ 25 ਜੁਲਾਈ ਤੋਂ ਆਨਲਾਈਨ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਸੀ, ਜਿਸ ਤੋਂ ਤਿੰਨ ਦਿਨ ਪਹਿਲਾਂ ਪਾਵਰਕਾਮ ਪ੍ਰਬੰਧਕਾਂ ਨੇ ਬਿਨਾਂ ਕਿਸੇ ਕਾਰਨ ਆਨਲਾਈਨ ਭਰਤੀ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਹੈ। ਬਿਜਲੀ ਨਿਗਮ 'ਚ ਇਸ ਸਮੇਂ ਟੈਕਨੀਕਲ, ਕਲੈਰੀਕਲ ਅਤੇ ਅਕਾਊਂਟਸ ਨਾਲ ਸਬੰਧਤ ਅਸਾਮੀਆਂ ਵੱਡੀ ਪੱਧਰ 'ਤੇ ਖਾਲੀ ਪਈਆਂ ਹਨ। ਪਾਵਰਕਾਮ ਵੱਲੋਂ ਬੀਤੇ ਸਮੇਂ 5300 ਅਸਾਮੀਆਂ ਦੀ ਸਿੱਧੀ ਭਰਤੀ ਲਈ ਹਾਮੀ ਭਰੀ ਗਈ ਸੀ, ਜਿਸ ਦੇ ਸਿਟੇ ਵਜੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਬੀਤੇ ਮਹੀਨੇ ਪੱਤਰ ਜਾਰੀ ਕੀਤਾ ਗਿਆ ਸੀ।

ਭਰਤੀ ਅਗਲੇ ਹੁਕਮਾਂ ਤਕ ਮੁਲਤਵੀ

ਪਾਵਰਕਾਮ ਵੱਲੋਂ ਸ਼ੁਕਰਵਾਰ ਜਾਰੀ ਕੀਤੇ ਪੱਤਰ 'ਚ ਕਿਹਾ ਗਿਆ ਹੈ ਕਿ 3500 ਸਹਾਇਕ ਲਾਈਨਮੈਨਾਂ ਦੀ ਭਰਤੀ 6 ਜੁਲਾਈ ਨੂੰ ਜਾਰੀ ਕੀਤੇ ਪੱਤਰ ਸਬੰਧੀ ਆਨਲਾਈਨ ਬਿਨੈ ਪੱਤਰ ਪ੍ਰਰਾਪਤ ਕਰਨ ਦੀ ਮਿਤੀ 25 ਜੁਲਾਈ ਤੈਅ ਕੀਤੀ ਗਈ ਸੀ, ਜਿਸ ਨੂੰ ਕੁਝ ਔਕੜਾਂ ਕਾਰਨ ਅਗਲੇ ਹੁਕਮਾਂ ਤਕ ਮੁਲਤਵੀ ਕੀਤਾ ਗਿਆ ਹੈ। ਆਨ ਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਨਵੀਂ ਮਿਤੀ ਜਲਦ ਜਾਰੀ ਕਰਨ ਦੀ ਗੱਲ ਵੀ ਕਹੀ ਗਈ ਹੈ।

ਭਰਤੀ ਮੁਲਤਵੀ ਕਰ ਕੇ ਬੇਰੁਜ਼ਗਾਰਾਂ ਨਾਲ ਕੀਤਾ ਧੋਖਾ : ਮੰਚ

ਬਿਜਲੀ ਮੁਲਾਜਮ ਏਕਤਾ ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ ਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਐਨ ਮੌਕੇ 'ਤੇ ਭਰਤੀ ਪ੍ਰਕਿਰਿਆ ਨੂੰ ਮੁਲਤਵੀ ਕਰਨਾ ਬੇਰੁਜ਼ਗਾਰਾਂ ਨਾਲ ਧੋਖਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਰੀ ਕੀਤੇ ਇਸ਼ਤਿਹਾਰ ਦੀਆਂ ਸ਼ਰਤਾਂ ਮੁਤਾਬਕ ਭਰਤੀ ਦੀ ਕਾਰਵਾਈ ਜਾਰੀ ਰੱਖੀ ਜਾਵੇ। ਆਗੂਆਂ ਕਿਹਾ ਕਿ ਭਰਤੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਬਿਜਲੀ ਮੁਲਾਜ਼ਮ ਏਕਤਾ ਮੰਚ ਦਾ ਵਫ਼ਦ ਬਿਜਲੀ ਨਿਗਮ ਦੇ ਸੀਐੱਮਡੀ ਅਤੇ ਡਾਇਰੈਕਟਰ ਪ੍ਰਬੰਧਕੀ ਨੂੰ ਮਿਲੇਗਾ।