ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਸਾਵਧਾਨ- ਕੰਟਰੈਕਟ ਕਾਮਿਆਂ ਵੱਲੋਂ ਹੜਤਾਲ
ਸਰਕਾਰੀ ਬੱਸਾਂ ’ਚ ਸਫਰ ਕਰਨ ਵਾਲੇ ਸਾਵਧਾਨ- ਕੰਟਰੈਕਟ ਕਾਮਿਆ ਵੱਲੋਂ ਹੜਤਾਲ
Publish Date: Tue, 09 Jun 2026 06:32 PM (IST)
Updated Date: Tue, 09 Jun 2026 06:35 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਲੋਕਾਂ ਲਈ ਨਵੀਂ ਸਿਰਦਰਦੀ ਖੜ੍ਹੀ ਹੋ ਸਕਦੀ ਹੈ ਕਿਉਂਕਿ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰ ਖ਼ਿਲਾਫ਼ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੌਰਾਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਰਮੀਆਂ ਨੇ ਐਲਾਨ ਕੀਤਾ ਕਿ ਪੰਜਾਬ ਰੋਡਵੇਜ਼ ਪਨਬਸ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ 10 ਜੂਨ ਦੁਪਹਿਰ 12 ਵਜੇ ਤੋਂ ਪੀਆਰਟੀਸੀ ਦਾ ਵੀ ਚੱਕਾ ਜਾਮ ਕੀਤਾ ਜਾਵੇਗਾ, ਜਿਸ ਨਾਲ ਲਗਪਗ 7 ਹਜ਼ਾਰ ਮੁਲਾਜ਼ਮ ਹੜਤਾਲ ’ਤੇ ਚਲੇ ਜਾਣਗੇ ਤੇ 80 ਫੀਸਦੀ ਸਰਕਾਰੀ ਬੱਸਾਂ ਦੇ ਰੂਟ ਪ੍ਰਭਾਵਿਤ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੀਨੀ. ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਨੇ ਆਖਿਆ ਕਿ ਸਰਕਾਰ ਵੱਲੋ ਲਗਾਤਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ ਕਰਕੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸੰਘਰਸ਼ ਕਰਦੇ ਮੁਲਾਜ਼ਮਾਂ ’ਤੇ ਨਾਜਾਇਜ਼ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ ਅਤੇ ਚਾਰ ਸਾਲ ਤੋ ਵੱਧ ਸਮਾ ਬੀਤ ਜਾਣ ਦੇ ਬਾਵਜੂਦ ਇਕ ਵੀ ਸਰਕਾਰੀ ਬੱਸ ਨਹੀ ਪਾਈ ਗਈ ਅਤੇ ਨਾ ਹੀ ਕੋਈ ਵੀ ਮੁਲਾਜ਼ਮ ਪੱਕਾ ਨਹੀ ਕੀਤਾ ਗਿਆ, ਜਿਸ ਦੇ ਰੋਸ ਵਿਚ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਤੁਰੰਤ 9 ਜੂਨ 2026 ਤੋ ਪੰਜਾਬ ਰੋਡਵੇਜ਼ ਪਨਬਸ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਅਤੇ ਮਿਤੀ 10 ਜੂਨ ਨੂੰ ਦੁਪਹਿਰ 12 ਵਜੇ ਤੋ ਬਾਅਦ ਪੀਆਰਟੀਸੀ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ 11 ਜੂਨ 2026 ਨੂੰ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਭਰ ’ਚ ਲਗਪਗ 7000 ਕਰਮਚਾਰੀ ਕੰਟਰੈਕਟ ਅਧਾਰ ’ਤੇ ਟਰਾਂਸਪੋਰਟ ਮਹਿਕਮੇ (ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ) ’ਚ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਹੜਤਾਲ ਨਾਲ ਸੂਬੇ ਭਰ ’ਚ 80 ਤੋਂ 90 ਫੀਸਦੀ ਸਰਕਾਰੀ ਬੱਸਾਂ ਦੇ ਰੂਟ ਬੰਦ ਰਹਿਣਗੇ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਦੀ ਆਮ ਨਾਗਰਿਕਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਈ ਮਨਸਾ ਨਹੀਂ ਹੈ ਪਰ ਜਦੋਂ ਸਰਕਾਰਾਂ ਗੱਲ ਨਾ ਸੁਣਨ ਤਾਂ ਸੰਘਰਸ਼ ਕਰਨਾ ਮਜਬੂਰੀ ਬਣ ਜਾਂਦਾ ਹੈ।