ਪਰਗਟ ਸਿੰਘ, ਪਟਿਆਲਾ

ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਲੋਕਾਂ ਨੂੰ ਸਮਰਪਿਤ ਕੀਤੇ ਨਵੇਂ ਬੱਸ ਅੱਡੇ ਦੀ ਸੰਪਰੂਨ ਜਾਣਕਾਰੀ ਸਾਂਝੀ ਕੀਤੀ ਹੈ। ਪੀਆਰਟੀਸੀ ਦੇ ਮੁੱਖ ਦਫ਼ਤਰ ਵਿਖੇ ਪ੍ਰਰੈਸਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਹਡਾਣਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਵਾਸੀਆਂ ਨੂੰ ਖਾਸ ਤੋਹਫ਼ੇ ਵਜੋਂ ਨਵਾਂ ਬੱਸ ਅੱਡਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੋਚ ਸਦਕਾ ਪਟਿਆਲਾ ਵਿਚਲੇ ਨਵੇਂ ਬੱਸ ਅੱਡੇ ਦੀ ਸ਼ੁਰੂਆਤ ਹੋ ਚੁੱਕੀ ਹੈ।

ਚੇਅਰਮੈਨ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ ਕਰ ਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਨਵਾਂ ਬੱਸ ਅੱਡਾ ਚਾਲੂ ਹੋਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਬੱਸ ਅੱਡਾ ਹੋਰਨਾਂ ਰਾਜਾਂ ਲਈ ਵੀ ਰੋਲ ਮਾਡਲ ਹੋਵੇਗਾ। ਚੇਅਰਮੈਨ ਨੇ ਕਿਹਾ ਕਿ ਏਅਰਪੋਰਟ ਦੀ ਦਿੱਖ ਵਾਲੇ ਇਸ ਆਧੁਨਿਕ ਅਤੇ ਨਵੀਨਤਮ ਤਕਨੀਕਾਂ ਨਾਲ ਲੈਸ ਬੱਸ ਅੱਡੇ ਅੰਦਰ ਹਰ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਨਵੇਂ ਬੱਸ ਅੱਡੇ 'ਚ 45 ਬੱਸ ਕਾਊਂਟਰ ਬਣਾਏ ਗਏ ਹਨ ਤਾਂ ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ।

ਪੀਆਰਟੀਸੀ ਚੇਅਰਮੈਨ ਨੇ ਅੱਗੇ ਦੱਸਿਆ ਕਿ ਜਲਦ ਹੀ ਇਲੈਕਟ੍ਰੀਕਲ ਬੱਸਾਂ ਦੀ ਜਲਦ ਸ਼ੁਰੂਆਤ ਹੋਵੇਗੀ, ਜੋਕਿ ਲੋਕਾਂ ਦੀ ਸਹੂਲਤ ਲਈ ਪੁਰਾਣੇ ਬੱਸ ਅੱਡੇ ਤੋਂ ਨਵੇਂ ਅਤੇ ਨਵੇਂ ਤੋਂ ਪੁਰਾਣੇ ਬੱਸ ਅੱਡੇ ਤੱਕ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਮਹਿੰਦਰਾ ਕਾਲਜ, ਐੱਨਆਈਐੱਸ ਚੌਕ, ਫੁਆਰਾ ਚੌਕ, ਰਜਿੰਦਰਾ ਹਸਪਤਾਲ, ਸਨੌਰੀ ਅੱਡਾ ਆਦਿ ਲਈ ਇਲੈਕਟ੍ਰੀਕਲ ਸ਼ਾਨਦਾਰ ਬੱਸਾਂ ਚੱਲਣਗੀਆਂ।

ਉਨ੍ਹਾਂ ਦੱਸਿਆ ਕਿ 30 ਬੱਸਾਂ ਹੋਰ ਇਨ੍ਹਾਂ ਥਾਵਾਂ ਚਲਾਈਆਂ ਜਾਣਗੀਆਂ ਤਾਂ ਜੋ ਸਵਾਰੀਆਂ ਨੂੰ ਕੋਈ ਦਿੱਕਤ ਨਾ ਆਵੇ। ਚੇਅਰਮੈਨ ਨੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਸੰਗਰੂਰ ਅਤੇ ਸਮਾਣਾ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਰਾਜਿੰਦਰਾ ਹਸਪਤਾਲ ਕੋਲੋ ਲੰਘ ਕੇ ਦੁਖਨਿਵਾਰਨ ਚੌਕ ਨੂੰ ਹੋ ਕੇ ਨਵੇਂ ਬੱਸ ਅੱਡੇ ਜਾਣਗੀਆਂ, ਨਾਭਾ ਤੇ ਭਾਦਸੋਂ ਤੋਂ ਆਉਂਦੀਆਂ ਬੱਸਾਂ ਡੀਸੀਡਬਲਯੂ ਹੋ ਕੇ ਜਾਣਗੀਆਂ ਅਤੇ ਚੀਕਾ-ਕੈਥਲ ਤੇ ਪਹੇਵਾ ਵੱਲੋਂ ਆਉਣ ਵਾਲੀਆਂ ਬੱਸਾਂ ਸਨੋਰੀ ਅੱਡਾ ਹੋ ਕੇ ਨਵੇਂ ਬੱਸ ਸਟੈਂਡ ਜਾਣਗੀਆਂ। ਉਨ੍ਹਾਂ ਕਿਹਾ ਕਿ ਪੀਆਰਟੀਸੀ ਆਪਣੀਆਂ ਸਵਾਰੀਆਂ ਦੀ ਸੇਵਾ ਲਈ ਵਚਨਬੱਧਤਾ ਨੂੰ ਪੂਰੀ ਤਰ੍ਹਾਂ ਨਿਭਾਏਗੀ।

ਡੱਬੀ-

ਇਹ ਹਨ ਰੂਟ ਪਲਾਨ-

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਨਵਾਂ ਬੱਸ ਅੱਡਾ ਚਾਲੂ ਹੋਣ ਨਾਲ ਦੂਰ-ਦੁਰਾਡੇ ਦੀਆਂ ਸਵਾਰੀਆਂ ਦੀ ਸਹੂਲਤ ਲਈ ਵੱਖ-ਵੱਖ 5 ਰੂਟਾਂ 'ਤੇ 30 ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਹੜੀਆਂ ਕਿ 135 ਗੇੜੇ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 5 ਬੱਸਾਂ ਵੱਖ-ਵੱਖ ਟਾਈਮ 'ਤੇ ਨਵਾਂ ਬੱਸ ਸਟੈਂਡ ਤੋਂ ਨਾਨਕਸਰ ਵਾਇਆ ਪੁਰਾਣਾ ਬੱਸ ਸਟੈਂਡ, ਸਨੌਰੀ ਅੱਡਾ, ਸਨੌਰ ਚੌਕ ਤੱਕ 25 ਗੇੜੇ ਲਾ ਰਹੀਆਂ ਹਨ। ਇਸੇ ਤਰ੍ਹਾਂ 4 ਬੱਸਾਂ ਨਵਾਂ ਬੱਸ ਸਟੈਂਡ ਤੋਂ ਿਝੱਲ ਬਾਈਪਾਸ ਵਾਇਆ ਪੁਰਾਣਾ ਬੱਸ ਸਟੈਂਡ, ਖੰਡਾ ਚੌਕ, ਦੁਖਨਿਵਾਰਨ ਸਾਹਿਬ, ਹੇਮਕੁੰਟ ਪੰਪ ਹੁੰਦੇ ਹੋਏ 20 ਗੇੜੇ ਲਾ ਰਹੀਆਂ ਹਨ।

ਜਦੋਂਕਿ 7 ਬੱਸਾਂ ਨਵਾਂ ਬੱਸ ਸਟੈਂਡ ਤੋਂ ਕੌਰਜੀਵਾਲਾ ਬਾਈਪਾਸ ਵਾਇਆ, ਟਰੱਕ ਯੂਨੀਅਨ, ਲੱਕੜ ਮੰਡੀ, ਪੁਰਾਣਾ ਬੱਸ ਸਟੈਂਡ, ਖੰਡਾ ਚੌਕ, ਲੀਲਾ ਭਵਨ, ਰਜਿੰਦਰਾ ਹਸਪਤਾਲ ਹੁੰਦੇ ਹੋਏ 35 ਗੇੜੇ ਲਾ ਰਹੀਆਂ ਹਨ। ਇਸੇ ਤਰ੍ਹਾਂ 7 ਬੱਸਾਂ ਪੁਰਾਣਾ ਬੱਸ ਸਟੈਂਡ ਤੋਂ ਨਵਾਂ ਬੱਸ ਸਟੈਂਡ ਵਾਇਆ ਟਰੱਕ ਯੂਨੀਅਨ, ਲੱਕੜ ਮੰਡੀ ਹੋ ਕੇ 35 ਗੇੜੇ ਲਾ ਰਹੀਆਂ ਹਨ। ਜਦੋਂਕਿ 7 ਹੋਰ ਬੱਸਾਂ ਨਵਾਂ ਬੱਸ ਸਟੈਂਡ ਤੋਂ ਪਸਿਆਣਾ ਬਾਈਪਾਸ ਵਾਇਆ ਟਰੱਕ ਯੂਨੀਅਨ, ਲੱਕੜ ਮੰਡੀ, ਪੁਰਾਣਾ ਬੱਸ ਸਟੈਂਡ, ਖੰਡਾ ਚੌਕ, ਲੀਲਾ ਭਵਨ, ਰਜਿੰਦਰਾ ਹਸਪਤਾਲ ਜਾ ਕੇ 35 ਗੇੜੇ ਲਾ ਰਹੀਆਂ ਹਨ।