ਪੱਤਰ ਪ੍ਰਰੇਰਕ, ਪਟਿਆਲਾ : ਪੀਆਰਟੀਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਸੂਬਾ ਪੱਧਰੀ ਮੀਟਿੰਗ ਬਸ ਸਟੈਂਡ ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਭਿੰਦਰ ਸਿੰਘ, ਕੁਲਦੀਪ ਸਿੰਘ ਗਰੇਵਾਲ, ਰਵਿੰਦਰ ਪਟਵਾਰੀ, ਆਤਮਾ ਸਿੰਘ, ਸੁਖਚਰਨ ਸਿੰਘ ਨੇ ਕੀਤੀ। ਸੰਬੋਧਨ ਕਰਦੇ ਹੋਏ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਮਾਫੀਏ ਦੇ ਦਬਾਅ ਹੇਠਾਂ ਨਵੀਆਂ ਬੱਸਾਂ ਨਹੀਂ ਪੈਣ ਦੇ ਰਹੀ ਅਤੇ ਨਾ ਹੀ ਟਾਈਮ ਟੇਬਲ ਬਣਨ ਦੇ ਰਹੀ ਹੈ। ਮੈਨੇਜਮੈਂਟ ਨੂੰ ਪੀਆਰਟੀਸੀ ਦਾ ਕੋਈ ਫਿਕਰ ਨਹੀਂ ਹੈ ਅਤੇ ਅਦਾਰੇ ਅੰਦਰ ਦਲਾਲਾ ਰਾਹੀ ਕੁਰਪਸ਼ਨ ਕਰਨ ਦਾ ਪੂਰਾ ਜ਼ੋਰ ਹੈ। ਪੰਜਾਬ ਸਰਕਾਰ ਵੱਲ ਪੀਆਰਟੀਸੀ ਦੇ ਸਫਰ ਸਹੂਲਤਾਂ ਦੇ 180 ਕਰੋੜ ਰੁਪਏ ਬਕਾਇਆ ਪਏ ਹਨ। ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ 500-600 ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਵਾਸਤੇ ਟਾਲ ਮਟੋਲ ਦੀ ਨੀਤੀ ਅਖਤਿਆਰ ਕਰ ਰੱਖੀ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀਏ ਦੇ ਬਕਾਏ, ਪੇ-ਕਮਿਸ਼ਨ ਦੇ ਮਾਮਲੇ ਹੱਲ ਨਹੀਂ ਕੀਤੇ ਜਾ ਰਹੇ। ਕੇਂਦਰ ਸਰਕਾਰ ਮੁਲਾਜ਼ਮਾਂ-ਮਜ਼ਦੂਰਾਂ ਨਾਲ ਦੁਸ਼ਮਣਾ ਵਤੀਰਾ ਰੱਖ ਰਹੀ ਹੈ। ਪਬਲਿਕ ਸੈਕਟਰ ਦੇ ਅਦਾਰੇ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਦੀ ਪੁਸਤ ਪਨਾਹੀ ਕੀਤੀ ਜਾ ਰਹੀ ਹੈ। ਧਾਲੀਵਾਲ ਨੇ ਵਰਕਰਾਂ ਨੂੰ ਸੁਚੇਤ ਕੀਤਾ ਕਿ ਵਰਕਿੰਗ ਕਲਾਸ ਇਕੱਠੇ ਹੋ ਕੇ ਇਨ੍ਹਾਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰ ਕੇ ਹੀ ਇਨ੍ਹਾਂ ਨੀਤੀਆਂ ਨੂੰ ਰੋਕਿਆ ਜਾ ਸਕਦਾ ਹੈ। ਦੇਸ਼ ਦੀਆਂ 10 ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਵਲੋਂ ਇਕ ਮੰਗ-ਪੱਤਰ ਜਿਸ ਵਿਚ ਠੇਕੇਦਾਰ ਸਿਸਟਮ ਖਤਮ ਕਰੋ, ਆਊਟ ਸੋਰਸਿੰਗ ਬੰਦ ਕਰੋ, ਪੱਕੇ ਵਰਕਰ ਭਰਤੀ ਕਰੋ, 60 ਸਾਲ ਤੋਂ ਵੱਧ ਦੀ ਉਮਰ ਦੇ ਹਰ ਵਿਅਕਤੀ ਨੂੰ ਘੱਟੋ ਘੱਟ 5000 ਪੈਨਸ਼ਨ ਦਿੱਤੀ ਜਾਵੇ, ਪਬਲਿਕ ਸੈਕਟਰ ਵੇਚਣਾ ਬੰਦ ਕੀਤਾ ਜਾਵੇ ਆਦਿਕ ਮੰਗਾਂ ਨੂੰ ਲੈ ਕੇ 8 ਜਨਵਰੀ 2020 ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ। ਇਸ ਹੜਤਾਲ ਨੂੰ ਕਾਮਯਾਬ ਕਰਨਾ ਸਾਰੀ ਵਰਕਿੰਗ ਕਲਾਸ ਦਾ ਫਰਜ਼ ਹੈ। ਅੱਜ ਦੇ ਵੱਡੇ ਇਕੱਠ ਨੂੰ ਸਰਵ ਸ੍ਰੀ ਰਾਮ ਸਰੂਪ ਅਗਰਵਾਲ, ਸੁਖਦੇਵ ਰਾਮ ਸੁੱਖੀ, ਹਰਨੇਕ ਸਿੰਘ ਨੈਣੇਵਾਲੀਆ, ਰਮੇਸ਼ ਕੁਮਾਰ ਭੱਟੀ, ਰਮੇਸ਼ ਕੁਮਾਰ, ਅਮਰਜੀਤ ਸਿੰਘ, ਟਹਿਲ ਸਿੰਘ, ਹਰਭਜਨ ਸਿੰਘ ਗੁਲਾਬ ਸਿੰਘ ਨੇ ਸੰਬੋਧਨ ਕਰਦੇ ਹੋਏ ਵਰਕਰਾਂ ਨੂੰ ਅਪੀਲ ਕੀਤੀ ਕਿ ਪੀਆਰਟੀਸੀ ਦੀ ਮੈਨੇਜਮੈਂਟ ਦੇ ਖ਼ਿਲਾਫ਼, ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਸਟੇਜ ਦਾ ਸੰਚਾਲਨ ਉਤਮ ਸਿੰਘ ਬਾਗੜੀ ਨੇ ਬਾਖੂਬੀ ਨਿਭਾਇਆ।