ਸੀਨੀਅਰ ਰਿਪੋਰਟਰ, ਪਟਿਆਲਾ : ਪੀਆਰਟੀਸੀ ਦੇ ਐੱਮਡੀ ਵਿਪੁਲ ਉਜਵਲ ਨੇ ਅੱਜ ਰਾਜਪੁਰਾ ਬਾਈਪਾਸ ਨੇੜੇ ਉਸਾਰੀ-ਅਧੀਨ ਪਟਿਆਲਾ ਦੇ ਨਵੇਂ ਅਤਿ-ਆਧੁਨਿਕ ਬੱਸ ਅੱਡੇ ਦੀ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਮਹੀਨੇ ਇਸ ਬੱਸ ਅੱਡੇ ਦੀ ਉਸਾਰੀ ਦੇ ਕਾਰਜਾਂ ਦਾ ਨਿਰੀਖਣ ਕੀਤਾ ਗਿਆ ਸੀ ਤੇ ਇਸ ਨੂੰ ਕੰਮ ਪਹਿਲੀ ਅਪ੍ਰਰੈਲ ਤਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਤਹਿਤ ਇਹ ਪ੍ਰਰਾਜੈਕਟ ਮਿੱਥੇ ਸਮੇਂ ਦੇ ਅੰਦਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

ਵਿਪੁਲ ਉਜਵਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਮੁਤਾਬਕ ਇਸ ਨਵੇਂ ਬੱਸ ਅੱਡੇ ਨੂੰ ਮੁਕੰਮਲ ਕਰਨ ਲਈ ਹਰ ਹਫ਼ਤੇ ਮੌਕੇ 'ਤੇ ਹੀ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਰੀਬ 8.51 ਏਕੜ ਰਕਬੇ 'ਚ ਬਣ ਰਹੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਨਮੂਨੇ ਦੇ ਬੱਸ ਅੱਡੇ ਦੇ ਚੱਲ ਰਹੇ ਕੰਮ ਦੀ ਤੇਜੀ 'ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਨਵੇਂ ਬੱਸ ਅੱਡੇ ਦੇ ਮੁਕੰਮਲ ਹੋਣ 'ਤੇ ਪਟਿਆਲਾ ਸ਼ਹਿਰ ਵਾਸੀਆਂ ਤੇ ਹੋਰ ਸਵਾਰੀਆਂ ਨੂੰ ਆਵਾਜਾਈ ਵੇਲੇ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਹੋਣਗੀਆਂ।

ਇਸ ਮੌਕੇ ਏਐੱਮਡੀ ਚਰਨਜੋਤ ਸਿੰਘ ਵਾਲੀਆ, ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਜੇਐੱਸ ਆਨੰਦ, ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਪੀਆਰਟੀਸੀ ਦੇ ਐਕਸੀਐਨ ਜਤਿੰਦਰ ਪਾਲ ਸਿੰਘ ਗਰੇਵਾਲ, ਇਲੈਕਟ੍ਰੀਕਲ ਐਕਸੀਐਨ ਰਾਜੇਸ਼ ਚੰਨਾ, ਜਨ ਸਿਹਤ ਵਿਭਾਗ ਦੇ ਵਿਪਨ ਸਿੰਗਲਾ, ਆਰਕੀਟੈਕਟ ਦਿਪਾਲੀ ਅਗਰਵਾਲ ਸਮੇਤ ਹੋਰ ਮੌਜੂਦ ਸਨ।