ਹਰਿੰਦਰ ਸ਼ਾਰਦਾ, ਪਟਿਆਲਾ : ਬੱਸ ਸਟੈਂਡ ਦੇ ਸਾਹਮਣੇ ਸਥਿਤ ਬੱਤੀਆਂ ਵਾਲੇ ਚੌਕ ਵਿਖੇ ਤੜਕਸਾਰ ਇਕ ਬਜ਼ੁਰਗ ਔਰਤ ਪੀਆਰਟੀਸੀ ਬੱਸ ਨੇ ਕੁਚਲ ਦਿੱਤੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੇ ਤੁਰੰਤ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਥਾਣਾ ਲਾਹੌਰੀ ਗੇਟ ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਤੇ ਉਕਤ ਔਰਤ ਦੀ ਲਾਸ਼ ਨੁੂੰ ਸ਼ਨਾਖਤ ਲਈ ਸਰਕਾਰੀ ਰਜਿੰਦਰਾ ਹਸਪਤਾਲ ਮੋਰਚਰੀ ਵਿਖੇ ਰਖਵਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ 8 ਵਜੇ ਬੱਸ ਸਟੈਂਡ ਤੋਂ ਪਟਿਆਲਾ ਤੋਂ ਜਲੰਧਰ ਜਾਣ ਵਾਲੀ ਪੀਆਰਟੀਸੀ ਬੱਸ ਰਵਾਨਾ ਹੋਈ। ਜਦੋਂ ਬੱਸ ਸਟੈਂਡ ਦੇ ਸਾਹਮਣੇ ਬੱਤੀਆਂ ਵਾਲੇ ਚੌਕ ਨੇੜੇ ਪੁੱਜੀ। ਇਸੇ ਦੌਰਾਨ ਮੁੱਢਲੀ ਖਿੜਕੀ 'ਤੇ ਖੜ੍ਹੀ ਬਜ਼ੁਰਗ ਔਰਤ ਬੱਸ ਵਿਚੋਂ ਹੇਠਾਂ ਡਿੱਗ ਪਈ ਜੋ ਕਿ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਕੁਚਲੀ ਗਈ। ਬੱਸ ਚਾਲਕ ਮੌਕੇ ਤੋਂ ਤੁਰੰਤ ਭੱਜ ਗਿਆ। ਇਸ ਔਰਤ ਕੋਲੋਂ ਕੋਈ ਵੀ ਸ਼ਨਾਖ਼ਤੀ ਪੱਤਰ ਨਾ ਮਿਲਣ 'ਤੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਾਹੌਰੀ ਗੇਟ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਉਕਤ ਬੱਸ ਚਾਲਕ ਦੇ ਡਰਾਈਵਰ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Posted By: Akash Deep