ਸਟਾਫ਼ ਰਿਪੋਰਟਰ, ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ ’ਚ ਭਾਰਤੀ ਪੈਟਰੋਲੀਅਮ ਮੰਤਰਾਲੇ ਵੱਲੋਂ ਕਰਵਾਏ ‘ਸ਼ਕਸ਼ਮ-2021’ ਆਨਲਾਈਨ ਸਮਾਗਮ ਦੌਰਾਨ ਪੀਆਰਟੀਸੀ ਦੀਆਂ ਬੱਸਾਂ ਨੂੰ ਘੱਟੋ-ਘੱਟ ਤੇਲ ਦੀ ਖਪਤ ਲਈ ਦੇਸ਼ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ। ਆਨਲਾਈਨ ਸਮਾਗਮ ’ਚ ਸ਼ਿਰਕਤ ਕਰਕੇ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਇਹ ਅਵਾਰਡ ਪ੍ਰਾਪਤ ਕੀਤਾ।

ਸ਼ਰਮਾ ਨੇ ਦੱਸਿਆ ਕਿ ਪੀਸੀਆਰਏ (ਪੈਟਰੋਲੀਅਮ ਕੰਜ਼ਰਵੇਸ਼ਨ ਐਂਡ ਰਿਸਰਚ ਐਸੋਸੀਏਸ਼ਨ) ਵੱਲੋਂ ਸਾਰੇ ਰਾਜਾਂ ਦੀਆਂ ਟਰਾਂਸਪੋਰਟ ਅਦਾਰਿਆਂ ਦੀਆਂ ਬੱਸਾਂ ਦੀ ਤੇਲ ਦੀ ਖਪਤ ਨੂੰ ਵਾਚਦੇ ਹੋਏ ਪੀਆਰਟੀਸੀ ਨੂੰ ਦੂਜੇ ਰਾਜਾਂ ਦੀਆਂ ਸਟੇਟ ਟਰਾਂਸਪੋਰਟਾਂ ਦੀਆਂ ਬੱਸਾਂ ਦੇ ਮੁਕਾਬਲੇ ਘੱਟ ਤੇਲ ਖਪਤ ਕਰਨ ਕਰਕੇ ਰਨਰਅੱਪ ਐਵਾਰਡ ਮਿਲਿਆ ਹੈ ਤੇ ਦੋ ਲੱਖ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ।

ਇਸ ਮੌਕੇ ਕੇਕੇ ਸ਼ਰਮਾ ਨੇ ਪੀਸੀਆਰਏ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਤੇ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਾਰਡ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਸ਼ਰਮਾ ਨੇ ਦੱਸਿਆ ਕਿ ਇਸ ਅਵਾਰਡ ਨਾਲ ਪੀਆਰਟੀਸੀ ਦਾ ਅਕਸ ਦੇਸ਼ ਦੀਆਂ ’ਚ ਹੋਰ ਬੇਹਤਰ ਹੋਇਆ ਹੈ।

ਚੇਅਰਮੈਨ ਕੇਕੇ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਟੇਟ ’ਚੋਂ ਸਰਬੋਤਮ ਡਿਪੂ ਵਜੋਂ ਵਾਰਡ ਪੀਆਰਟੀਸੀ ਦੇ ਫਰੀਦਕੋਟ ਡਿਪੂ ਨੂੰ ਦਿੱਤਾ ਗਿਆ ਹੈ ਤੇ ਵਾਰਡ ਦੀ ਰਾਸ਼ੀ ਵਜੋਂ 50 ਹਜ਼ਾਰ ਰੁਪਏ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਚੇਅਰਮੈਨ ਤੇ ਐੱਮਡੀ ਪੀਆਰਟੀਸੀ ਕੇਕੇ ਸ਼ਰਮਾ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਆਪਸੀ ਸਹਿਯੋਗ ਤੇ ਮਿਹਨਤ ਸਦਕਾ ਹੋਈ ਪ੍ਰਾਪਤੀ ਖਾਤਰ ਸ਼ਲਾਘਾ ਕੀਤੀ।

Posted By: Jagjit Singh