ਐੱਚਐੱਸ ਸੈਣੀ, ਰਾਜਪੁਰਾ : ਰਾਜਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਕਿਸਾਨ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਕਿਹਾ ਕਿ ਜਿਸ ਦਿਨ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਸ ਦਿਨ ਤੋਂ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਹੁਣ ਤਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਖੇਤੀ ਸੁਧਾਰ ਐਕਟ ਦੇ ਨਾਂ ਹੇਠ ਅਜਿਹੇ ਬਿੱਲ ਪਾਸ ਕਰਵਾਏ, ਜਿਸ ਨਾਲ ਦੇਸ਼ ਦਾ ਕਿਸਾਨ ਕਿਸੇ ਵੀ ਹਾਲਤ ਵਿਚ ਬਚ ਨਹੀਂ ਸਕਦੇ। ਮੰਡੀਕਰਨ ਅਤੇ ਐੱਮਐੱਸਪੀ ਖ਼ਤਮ ਕਰਨਾ, ਬਾਹਰੀ ਕੰਪਨੀਆਂ ਨੂੰ ਅਨਾਜ ਖਰੀਦਣ ਦੀ ਇਜਾਜ਼ਤ ਦੇਣਾ ਆਦਿ ਨਾਲ ਹੁਣ ਕੰਪਨੀਆਂ ਆਪਣੀ ਮਨ ਮਰਜ਼ੀ ਨਾਲ ਕਿਸਾਨਾਂ ਦੀ ਲੁੱਟ ਕਰਨਗੀਆਂ ਤੇ ਇਨ੍ਹਾਂ ਕੰਪਨੀਆਂ 'ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੋਵੇਗਾ। ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਬਿੱਲਾਂ ਨੂੰ ਲਾਗੂ ਹੋਣ ਦੇ ਵਿਰੋਧ ਵਿਚ 25 ਸਤੰਬਰ ਨੂੰ ਮੋਦੀ ਦੇ ਪੁਤਲੇ ਫੂਕੇ ਜਾਣ ਅਤੇ ਪੰਜਾਬ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਦਰ ਸਰਕਾਰ ਕਿਸਾਨਾਂ ਨੂੰ ਝੋਨੇ ਤੇ 100 ਰੁਪਏ ਕੁਇੰਟਲ ਬੋਨਸ ਨਹੀਂ ਦਿੰਦੀ ਹੈ ਤਾਂ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਹੀ ਪਰ ਜੇਕਰ ਕੇਦਰ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਦੀ ਹੈ ਤਾਂ ਕਿਸਾਨ ਵੀ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਲਈ ਤਿਆਰ ਹਨ।

ਇਸ ਮੌਕੇ ਭਾਗ ਸਿੰਘ ਚੱਕ ਕਲਾਂ, ਤਾਰਾ ਸਿੰਘ ਮੰਡੋਲੀ, ਭਗਵਾਨ ਸਿੰਘ ਹਰਪਾਲਪੁਰ, ਗੁਰਦੇਵ ਸਿੰਘ ਜੰਦੋਲੀ, ਉਜਾਗਰ ਸਿੰਘ ਧਮੋਲੀ, ਹਰਜੀਤ ਸਿੰਘ ਟਹਿਲਪੁਰ, ਦਲਜੀਤ ਸਿੰਘ ਖੈੜੀ ਗੁਰਨਾ, ਗਿਆਨ ਸਿੰਘ ਰਾਏਪੁਰ, ਸਵਰਨ ਸਿੰਘ, ਗੁਰਚਰਨ ਸਿੰਘ ਢੀਡਸਾ, ਜਸਪਾਲ ਸਿੰਘ ਰਾਜਗੜ੍ਹ, ਅਵਤਾਰ ਸਿੰਘ, ਜਸਪਾਲ ਸਿੰਘ, ਮੀਹਾ ਸਿੰਘ, ਹਰਨੇਕ ਸਿੰਘ, ਹਰਪਾਲ ਸਿੰਘ ਤੇ ਤਰਲੋਚਨ ਸਿੰਘ ਆਦਿ ਹਾਜ਼ਰ ਸਨ।