ਭਾਰਤ ਭੂਸ਼ਣ ਗੋਇਲ, ਸਮਾਣਾ: ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਾ ਸਮਾਣਾ ਦੇ ਵਰਕਰਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਟੋਲ ਪਲਾਜ਼ਾ ਦਾ ਕੰਮ ਬੰਦ ਰਿਹਾ ਤੇ ਵਾਹਨ ਬਿਨਾਂ ਪਰਚੀ ਕਟਵਾਏ ਹੀ ਲੰਘਦੇ ਰਹੇ। ਮੁਲਾਜ਼ਮਾਂ ਨੇ ਦੱਸਿਆ ਕਿ ਪਹਿਲਾਂ ਹੋਏ ਲਿਖਤੀ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਸਮੇਂ-ਸਮੇਂ 'ਤੇ ਟੋਲ ਮੈਨੇਜਮੈਂਟ ਨੂੰ ਵਰਕਰਾਂ ਵਲੋਂ ਮੰਗ ਪੱਤਰ ਦੇ ਕੇ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਟੋਲ ਕੰਪਨੀ ਹਰ ਵਾਰ ਆਪਣੇ ਕੀਤੇ ਹੋਏ ਸਮਝੌਤਿਆਂ ਤੋਂ ਭੱਜਦੀ ਆ ਰਹੀ ਹੈ।
ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਟੋਲ ਪਲਾਜ਼ਾ ਵਰਕਰਾਂ ਦੀ ਕਈ ਵਾਰ ਟੋਲ ਪਲਾਜ਼ਾ ਮੈਨੇਜਮੈਂਟ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਹਰ ਵਾਰ ਟੋਲ ਮੈਨੇਜਮੈਂਟ ਖ਼ਾਨਾ ਪੂਰਤੀ ਕਰਕੇ ਆਪਣੇ ਕੀਤੇ ਹੋਏ ਸਮਝੌਤਿਆਂ ਤੋਂ ਮੁੱਕਰ ਜਾਂਦੀ ਹੈ। ਜਿਸ ਕਾਰਨ ਸਾਨੂੰ ਮਜ਼ਬੂਰਨ ਅੱਜ ਸਮਾਣਾ ਟੋਲ ਪਲਾਜ਼ਾ ਨੂੰ ਮੁਫਤ ਕਰਕੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠਣਾ ਪਿਆ ਹੈ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਜਦੋਂ ਤੱਕ ਟੋਲ ਮੈਨੇਜਮੈਂਟ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਨਾਲ ਹੋਏ ਸਮਝੌਤਿਆਂ ਅਤੇ ਮੰਗਾਂ ਸਬੰਧੀ ਲਾਗੂ ਨਹੀਂ ਕਰਦੀ ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਭਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ, ਇਕਾਈ ਪ੍ਰਧਾਨ ਗੁਰਦੀਪ ਸਿੰਘ, ਢੈਂਠਲ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ, ਟੋਲ ਪਲਾਜ਼ਾ ਵਰਕਰ ਯੂਨੀਅਨ ਸਮਾਣਾ ਦੇ ਵਰਕਰ ਅਮਰਜੀਤ ਸਿੰਘ ਬੰਮਣਾ, ਰਾਮਪਾਲ ਸਿੰਘ, ਜਸਵੀਰ ਬੰਮਣਾ, ਯਾਦਵਿੰਦਰ ਸਿੰਘ, ਸੁਮਿਤ ਿਛੱਬਰ, ਮਹੇਸ਼ ਪਾਂਡੇ, ਮਹਿੰਦਰ ਸਿੰਘ, ਚਰਨਜੀਤ ਸਿੰਘ, ਪ੍ਰਰੀਤਮ ਸਿੰਘ, ਬ੍ਹਮਜੀਤ ਮੌਰੀਆ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਧਰੇੜੀ ਜੱਟਾਂ ਟੋਲ ਪਲਾਜ਼ਾ ਤੋਂ ਵਰਿੰਦਰ ਕੁਮਾਰ, ਗੁਰਪ੍ਰਰੀਤ ਸਿੰਘ ਗੱਗੀ, ਗੁਰਜੰਟ ਸਿੰਘ, ਕਾਲਾ ਝਾੜ ਟੋਲ ਪਲਾਜ਼ਾ ਤੋਂ ਗੁਰਜੀਤ ਸਿੰਘ ਜੀਤੀ, ਨਰੈਣ ਸਿੰਘ, ਪੈਂਦ ਟੋਲ ਪਲਾਜ਼ਾ ਤੋਂ ਸੁਖਜੀਤ ਸਿੰਘ, ਪੀਂਦੀ ਸਿੰਘ ਤੇ ਲੱਖੀ ਸਿੰਘ ਆਦਿ ਹਾਜਰ ਸਨ।