ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪਾਵਰਕਾਮ 'ਚ ਨੌਕਰੀ ਦੀ ਮੰਗ ਲਈ 33ਵੇਂ ਦਿਨ ਵੀ ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਦੇ 11 ਮੈਂਬਰਾਂ ਵੱਲੋਂ ਬਿਜਲੀ ਬੋਰਡ ਪਟਿਆਲਾ ਹੈੱਡ ਆਫਿਸ ਦੀ ਸਭ ਤੋਂ ਉੱਚੀ ਇਮਾਰਤ ਦੇ ਉੱਪਰ ਚੜ੍ਹ ਕੇ ਬੈਠੇ ਵਾਰਿਸਾਂ ਦਾ ਧਰਨਾ ਜਾਰੀ ਰਿਹਾ। ਦੂਜੇ ਪਾਸੇ ਮੁੱਖ ਦਫ਼ਤਰ ਮੂਹਰੇ ਧਰਨੇ ਤੇ ਬੈਠੇ ਪ੍ਰਦਰਸ਼ਨਕਾਰੀ ਵਾਰਸਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਚਾਰ ਪ੍ਰਦਰਸ਼ਨਕਾਰੀਆਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਵਾਰਿਸਾਂ ਨੇ ਕਿਹਾ ਕਿ ਯੂਨੀਅਨ ਨੁਮਾਇੰਦਿਆਂ ਬਹੁਤ ਵੱਡੀ ਉਮੀਦਾਂ ਨਾਲ ਨੌਕਰੀਆਂ ਮਿਲਣ ਦੀ ਆਸ ਨਾਲ ਚੀਫ ਸੈਕਟਰੀ ਹੁਸਨ ਲਾਲ ਦੀ ਮੌਜੂਦਗੀ 'ਚ ਬਿਜਲੀ ਬੋਰਡ ਮੈਨੇਜਮੈਂਟ ਨਾਲ ਸੈਕਟਰੀਏਟ ਵਿਖੇ ਮੀਟਿੰਗ 'ਚ ਸ਼ਾਮਲ ਹੋਏ ਪਰ ਇਹ ਮੀਟਿੰਗ ਵੀ ਬੇਸਿੱਟਾ ਰਹੀ ਅਤੇ ਸਿਰਫ਼ ਭਰੋਸੇ ਤੋਂ ਬਿਨਾਂ ਕੁਝ ਨਹੀਂ ਮਿਲਿਆ। ਮਿ੍ਤਕ ਆਸ਼ਰਿਤ ਯੂਨੀਅਨ ਪ੍ਰਧਾਨ ਚਰਨਜੀਤ ਸਿੰਘ ਦਿਓਣ ਅਤੇ ਮੀਤ ਪ੍ਰਧਾਨ ਬਲਜੀਤ ਸਿੰਘ ਪੱਟੀ ਨੇ ਦੱਸਿਆ ਕਿ ਸਾਡੀ ਯੂਨੀਅਨ ਦਾ ਸਬਰ ਦਾ ਪਿਆਲਾ ਉੱਛਲ ਚੁੱਕਾ ਹੈ ਕਿਉਂਕਿ ਇਕ ਮਹੀਨੇ ਤੋਂ ਉਪਰ ਹੋ ਗਿਆ ਪਰ ਬਿਜਲੀ ਬੋਰਡ ਮੈਨੇਜਮੈਂਟ ਅਤੇ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਇਸ ਲਈ ਮਜਬੂਰਨ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਸਾਡੇ 4 ਮੈਂਬਰ ਅੱਜ ਤੋਂ ਮਰਨ ਵਰਤ 'ਤੇ ਬੈਠ ਗਏ ਹਨ, ਜਿਨਾਂ੍ਹ 'ਚ ਰਾਜਬਿੰਦਰ ਕੌਰ ਫ਼ਰੀਦਕੋਟ, ਕੁਲਦੀਪ ਕੌਰ ਬਰਨਾਲਾ, ਰਾਜਿੰਦਰ ਸਿੰਘ ਮੁਕਤਸਰ ਸਾਹਿਬ, ਅਮਿਤ ਕੁਮਾਰ ਸੰਗਰੂਰ ਸ਼ਾਮਲ ਹਨ ਤੇ ਨਾਲ ਹੀ ਵੀਰਵਾਰ ਨੂੰ ਯੂਨੀਅਨ ਦਾ ਭਾਰੀ ਇਕੱਠ ਕਰਦੇ ਹੋਏ ਤੇ ਸ਼ੈੱਡ ਨੂੰ ਵੀ ਤਾਲਾ ਬੰਦੀ ਕੀਤੀ ਜਾਵੇਗੀ ਤਾਂ ਜੋ ਸਾਡੀ ਮਿ੍ਤਕ ਕਰਮਚਾਰੀਆਂ ਦੇ ਆਸ਼ਰਿਤਾਂ ਦੀ ਤਰਸਯੋਗ ਹਾਲਾਤ ਸਰਕਾਰ ਨੂੰ ਦਿੱਖ ਸਕੇ ਅਤੇ ਸਾਡੀਆਂ ਮੰਗਾਂ ਦਾ ਵੀ ਪੱਕਾ ਹੱਲ ਨਿਕਲ ਸਕੇ।