ਐਚ.ਐਸ ਸੈਣੀ, ਰਾਜਪੁਰਾ

ਇਥੋਂ ਨੇੜਲੇ ਪਿੰਡ ਬਠੋਣੀਆਂ ਕਲਾਂ, ਭੋਗਲਾ ਤੇ ਖਾਨਪੁਰ ਬੜਿੰਗ ਸਣੇ 3 ਪਿੰਡਾਂ ਦੀ ਸਾਝੀ ਜਮੀਨ 'ਚ ਬੰਦ ਪਏ ਨਿਰਪਾਲ ਭੱਠੇ ਤੋਂ ਮਿੱਟੀ ਦੀ ਹੋ ਰਹੀ ਨਜਾਇਜ਼ ਮਾਈਨਿੰਗ ਕਾਰਣ ਨੇੜਲੇ ਖੇਤਾਂ ਦਾ ਮਿੱਟੀ ਅਤੇ ਸੜਕ ਦੇ ਇਸ ਥਾਂ 'ਤੇ ਪਏ ਟੋਇਆ 'ਚ ਡਿੱਗਣ ਦੇ ਡਰ ਤੋਂ ਪ੍ਰਰੇਸ਼ਾਨ ਪਿੰਡ ਵਾਸੀਆਂ ਨੇ ਜਮ ਕੇ ਕਾਂਗਰਸ ਸਰਕਾਰ ਤੇ ਸਬੰਧਤ ਵਿਭਾਗ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਤੁਰੰਤ ਪੁਲਿਸ ਕਾਰਵਾਈ ਕਰਦਿਆਂ ਨਜਾਇਜ਼ ਮਾਈਨਿੰਗ ਕਰਵਾਉਣ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਗਿ੍ਫਤਾਰੀ ਦੀ ਮੰਗ ਕੀਤੀ। ਜਾਣਕਾਰੀ ਦੇ ਅਨੁਸਾਰ ਪਿੰਡ ਬਠੋਣੀਆਂ ਕਲਾਂ ਦੀ ਜਮੀਨ 'ਚ ਰੋਸ ਪ੍ਰਦਰਸ਼ਨ ਕਰ ਰਹੇ ਦਰਸਨ ਸਿੰਘ ਸਰਪੰਚ ਭੋਗਲਾ, ਹਰਵਿੰਦਰ ਸਿੰਘ ਲਾਡੀ ਸਰਪੰਚ ਪਿੰਡ ਖਾਨਪੁਰ ਬੜਿੰਗ, ਹਰਦੇਵ ਸਿੰਘ, ਮੇਲਾ ਸਿੰਘ, ਜੈਪਾਲ ਨੰਬਰਦਾਰ ਬਠੋਣੀਆਂ ਕਲਾਂ, ਫਕੀਰ ਚੰਦ, ਅਸ਼ਵਨੀ ਕੁਮਾਰ, ਮੇਲਾ ਸਿੰਘ, ਧਰਮਪਾਲ, ਲਾਲ ਸਿੰਘ ਸਮੇਤ ਦਰਜ਼ਨਾਂ ਵਿਅਕਤੀਆਂ ਨੇ ਦੱਸਿਆ ਕਿ ਇਸ ਥਾਂ ਤੇ ਪਹਿਲਾਂ ਨਿਰਪਾਲ ਸਿੰਘ ਨਾਮਕ ਵਿਅਕਤੀ ਦਾ ਇੱਟਾਂ ਵਾਲਾ ਭੱਠਾ ਸੀ। ਪਰ ਹੁਣ ਪਿੱਛਲੇ ਕਾਫੀ ਸਮੇਂ ਤੋਂ ਇੱਟਾਂ ਦਾ ਭੱਠਾ ਬੰਦ ਪਿਆ ਹੋਣ ਕਰਕੇ ਇਹ ਜਮੀਨ ਵਿੱਚ ਅੱਗੇ ਕਿਸੇ ਹੋਰ ਪਾਰਟੀ ਨੂੰ ਵੇਚ ਦਿੱਤੀ ਹੈ। ਪਰ ਇਸ ਜਮੀਨ ਵਿੱਚ ਨਿਰਪਾਲ ਸਿੰਘ ਸਮੇਤ ਹੋਰਨਾਂ ਦੇ ਨਾਲ ਰਲ ਕੇ ਰੋਜਾਨਾ ਜੇ.ਸੀ.ਬੀ ਮਸ਼ੀਨ ਅਤੇ ਟਿੱਪਰਾਂ ਦੇ ਨਾਲ ਮਿੱਟੀ ਦੀ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਕੀਤੀ ਜਾ ਰਹੀ ਹੈ ਤੇ ਜਮੀਨ 'ਚ 20 ਤੋਂ 25 ਫੁੱਟ ਤੱਕ ਡੂੰਘੇ ਟੋਏ ਪਾ ਦਿੱਤੇ ਹਨ। ਇਸ ਮਾਈਨਿੰਗ ਵਾਲੀ ਜਮੀਨ ਦੇ ਬਿਲਕੁੱਲ ਨਾਲ ਉਨ੍ਹਾਂ ਛੋਟੇ ਕਿਸਾਨਾਂ ਦੇ 2-2 ਕਿੱਲੇ ਜਮੀਨ ਪੈਂਦੀ ਹੈ ਤੇ ਬਿਲਕੁੱਲ ਨਾਲ ਦਰਜ਼ਨਾਂ ਪਿੰਡਾ ਨੂੰ ਜਾਣ ਵਾਲੀ ਸੜਕ ਵੀ ਹੈ। ਜਿਸ ਕਰਕੇ ਬਰਸਾਤਾਂ ਦੇ ਦਿਨ ਚੱਲਦੇ ਹੋਣ ਕਰਕੇ ਉਨ੍ਹਾਂ ਦੀ ਜਮੀਨ ਅਤੇ ਸੜਕ ਦੇ ਇਨ੍ਹਾਂ ਟੋਇਆਂ 'ਚ ਹੜ ਕੇ ਡਿੱਗਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਨਜਾਇਜ਼ ਮਾਈਨਿੰਗ ਨੂੰ ਰੋਕਣ ਸਬੰਧੀ ਉਨ੍ਹਾਂ ਨੇ ਐਸ.ਡੀ.ਐਮ ਰਾਜਪੁਰਾ ਸਣੇ ਥਾਣਾ ਖੇੜੀ ਗੰਡਿਆ ਪੁਲਿਸ ਨੂੰ ਵੀ ਇਤਲਾਹ ਦਿੱਤੀ ਸੀ। ਪਰ ਸਬੰਧਤ ਪ੍ਰਸ਼ਾਸ਼ਨ ਵੱਲੋਂ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕੀਤੇ ਜਾਣ ਦੇ ਚਲਦਿਆਂ ਨਜਾਇਜ਼ ਮਾਈਨਿੰਗ ਬਿਨ੍ਹਾਂ ਕਿਸੇ ਰੋਕ ਟੋਕ ਦੇ ਚੱਲ ਰਹੀ ਹੈ। ਪੀੜ੍ਹਤ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਆਉਂਦੇ ਦਿਨ੍ਹਾਂ 'ਚ ਪ੍ਰਸ਼ਾਸ਼ਨ ਨੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ। ਇਸ ਤਰ੍ਹਾਂ ਐਸ.ਡੀ.ਐਮ ਰਾਜਪੁਰਾ ਖੁਸ਼ਦਿਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਰਿਪੋਰਟ ਪ੍ਰਰਾਪਤ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਤਰ੍ਹਾਂ ਥਾਣਾ ਖੇੜੀ ਗੰਡਿਆ ਦੇ ਐਸ.ਐਚ.ਓ ਇੰਸਪੈਕਟਰ ਮਹਿੰਮਾ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਪੁਲਿਸ ਪਾਰਟੀ ਮੌਕੇ 'ਤੇ ਭੇਜੀ ਗਈ ਸੀ, ਜਦਕਿ ਉਕਤ ਜਮੀਨ ਨਿਰਪਾਲ ਸਿੰਘ ਨਾਮਕ ਵਿਅਕਤੀ ਦੀ ਨਾ ਹੋ ਕੇ ਕਿਸੇ ਹੋਰ ਪਾਰਟੀ ਦੀ ਹੈ। ਪਰ ਰਾਤ ਦੇ ਸਮੇਂ ਨਿਰਪਾਲ ਸਿੰਘ ਵੱਲੋਂ ਮਿੱਟੀ ਨਜਾਇਜ਼ ਪੁਟਾਉਣ ਦੀਆਂ ਸ਼ਿਕਾਇਤਾ ਮਿਲ ਰਹੀਆਂ ਹਨ ਤੇ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।