ਹਰਿੰਦਰ ਸ਼ਾਰਦਾ, ਪਟਿਆਲਾ

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਨਿਰਮਾਣ ਲਈ 50 ਏਕੜ ਜ਼ਮੀਨ ਦੇਣ ਵਾਲੇ ਪਿੰਡ ਵਾਸੀਆਂ ਨੂੰ ਦਾਖ਼ਲੇ ਲਈ ਰਾਖਵੀਂ ਸੀਟ ਨਾ ਮਿਲਣ ਦੇ ਰੋਸ ਵਜੋਂ ਮੁੱਖ ਗੇਟ ਮੂਹਰੇ ਧਰਨਾ ਲੱਗਾ ਲਿਆ ਗਿਆ। ਮੁਜ਼ਾਹਰਾ ਕਰ ਰਹੇ ਪਿੰਡ ਵਾਸੀਆਂ ਨੇ ਇਸ ਦੌਰਾਨ ਜਿਥੇ 'ਵਰਸਿਟੀ ਪ੍ਰਸ਼ਾਸਨ ਖਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਉਥੇ ਹੀ ਸਟਾਫ਼ ਨੂੰ ਇੱਕ ਘੰਟਾ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਦੋਸ਼ ਲਗਾਏ ਕਿ ਉਨਾਂ੍ਹ ਦੀਆਂ ਰਾਖ਼ਵੀਂ ਸੀਟਾਂ ਪ੍ਰਸ਼ਾਸਨ ਵਲੋਂ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਧਰ ਦੂਜੇ ਪਾਸੇ ਪਿੰਡ ਵਾਸੀਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਮੁੱਢੋ ਨਕਾਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪਿੰਡ ਸਿੱਧੂਵਾਲ ਵਾਸੀ ਸੁਰਿੰਦਰ ਸਿੰਘ, ਸਤਨਾਮ ਸਿੰਘ, ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਪਿੰਡ ਦੀ 50 ਏਕੜ ਦੇ ਕਰੀਬ ਸ਼ਾਮਲਾਟ ਜ਼ਮੀਨ 'ਵਰਸਿਟੀ ਨੂੰ ਨਿਰਮਾਣ ਲਈ ਭੇਂਟ ਕੀਤੀ ਗਈ ਸੀ। ਇਸ ਦੌਰਾਨ ਸਰਕਾਰ ਵਲੋਂ ਨੌਕਰੀ ਦੇ ਕੋਟੇ ਲਈ 7 ਫ਼ੀਸਦ ਸੀਟਾਂ ਰਾਖਵੀਆਂ ਰੱਖਣ ਲਈ ਲਿਖਤੀ ਰੂਪ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਦੋਂ ਕਿ ਪਿੰਡ ਵਾਸੀਆਂ ਲਈ ਹਰ ਸਾਲ ਇੱਕ ਸੀਟ ਦਾਖਲੇ ਲਈ ਰਾਖਵੀਂ ਰੱਖੀ ਗਈ ਹੈ। ਜਿਸ ਦੇ ਤਹਿਤ ਪਿੰਡ ਦੀ ਹੀ ਇੱਕ ਲੜਕੀ ਦਿਲਪ੍ਰਰੀਤ ਕੌਰ ਨੇ ਦਾਖਲੇ ਲਈ ਅਰਜ਼ੀ ਦਿੱਤੀ ਸੀ, ਪਰ ਯੂਨੀਵਰਸਿਟੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਿੰਡ ਦਾ ਪਤਾ ਬਦਲ ਕੇ ਦੋ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਬੱਚਿਆਂ ਨੂੰ ਦਾਖਲਾ ਦੇਣ ਦੀ ਕੋਸ਼ਸ਼ਿ ਕੀਤੀ ਜਾ ਰਹੀ ਹੈ, ਜਿਸ ਬਾਰੇ ਉਹ ਕਈ ਵਾਰ 'ਵਰਸਿਟੀ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਤੇ ਜਾਂਚ ਕਰਕੇ ਕਾਰਵਾਈ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ। ਪਰ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਪਿੰਡ ਵਾਸੀਆਂ 'ਚ ਰੋਸ ਹੈ।

-----

ਪਿੰਡ ਵਾਸੀਆਂ ਨੇ ਰੋਕੀ ਡੀਐੱਸਪੀ ਦੀ ਗੱਡੀ

ਇਸ ਦੌਰਾਨ ਇੱਕ ਡੀਐਸਪੀ ਆਪਣੀ ਧੀ ਦੇ ਦਾਖਲੇ ਲਈ ਆਪਣੇ ਪੁੱਤਰ ਨਾਲ 'ਵਰਸਿਟੀ ਆਏ ਸਨ, ਉਸ ਨੂੰ ਵੀ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਡੀਐਸਪੀ ਦੇ ਪੁੱਤਰ ਤੇ ਪਿੰਡ ਵਾਸੀਆਂ ਨਾਲ ਧੱਕਾ ਮੁੱਕੀ ਵੀ ਹੋਈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੇ ਥਾਣਾ ਬਖਸ਼ੀਵਾਲਾ ਦੇ ਕਰਮਚਾਰੀ ਨੂੰ ਦਖ਼ਲ ਦੇਣਾ ਪਿਆ। ਇਸ ਦੌਰਾਨ ਪਿੰਡ ਦੇ ਵਾਸੀਆਂ ਨੇ ਡੀਐਸਪੀ ਦੀ ਸਰਕਾਰੀ ਗੱਡੀ ਨੂੰ ਵੀ 'ਵਰਸਿਟੀ ਕੈਂਪਸ ਤੋਂ ਬਾਹਰ ਨਹੀਂ ਆਉਣ ਦਿੱਤਾ।

-----

ਵੀਸੀ ਵੱਲੋਂ ਮਸਲੇ ਦਾ ਹੱਲ ਦਾ ਭਰੋਸਾ

ਮਾਮਲਾ ਭਖਦਿਆਂ ਥਾਣਾ ਬਖਸ਼ੀਵਾਲਾ ਦੇ ਐਸਐਚਓ, ਡੀਐਸਪੀ ਤੇ ਤਿ੍ਪੜੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਟੀਮ ਵਲੋਂ ਮਾਮਲੇ ਦੇ ਹੱਲ ਦਾ ਭਰੋਸਾ ਦਿੱਤਾ ਤੇ 'ਵਰਸਿਟੀ ਦੇ ਵਾਈਸ ਚਾਂਸਲਰ ਨਾਲ ਮੀਟਿੰਗ ਵੀ ਕਰਵਾਈ ਗਈ। ਮੀਟਿੰਗ ਦੌਰਾਨ ਵੀਸੀ ਨੇ ਬੁੱਧਵਾਰ ਨੂੰ ਮਾਮਲਾ ਸੁਲਝਾਉਣ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ।

------

ਮਾਮਲੇ ਦੀ ਜਾਂਚ ਲਈ ਏਡੀਸੀ ਨੂੰ ਲਿਖਿਆ ਪੱਤਰ

ਯੂਨੀਵਰਸਿਟੀ ਦੇ ਰਜਿਸਟਰਾਰ ਨਰੇਸ਼ ਵਤਸ ਨੇ ਦੱਸਿਆ ਕਿ ਯੂਨੀਵਰਸਿਟੀ 'ਚ ਦਾਖਲੇ ਲਈ ਪਿੰਡ ਦੇ ਰਾਖਵੇਂ ਕੋਟੇ ਵਿੱਚ ਤਿੰਨ ਬੱਚਿਆਂ ਦੀਆਂ ਅਰਜ਼ੀਆਂ ਪ੍ਰਰਾਪਤ ਹੋਈਆਂ ਹਨ। ਇਸ ਤੋਂ ਬਾਅਦ ਹੋਏ ਵਿਵਾਦ ਕਾਰਨ ਮਾਮਲੇ ਦੀ ਜਾਂਚ ਲਈ ਏਡੀਸੀ ਡੀ ਨੂੰ ਪੱਤਰ ਲਿਖਿਆ ਹੈ। ਉਨਾਂ੍ਹ ਕਿਹਾ ਕਿ ਪਿੰਡ ਵਾਸੀਆਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁੱਧਵਾਰ ਨੂੰ ਸੱਦਾ ਦਿੱਤਾ ਗਿਆ ਹੈ। ਉਹ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਨਗੇ।