ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਰਜਿੰਦਰਾ ਹਸਪਤਾਲ, ਟੀਬੀ ਹਸਪਤਾਲ ਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀਆਂ ਨੇ ਕੰਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੋਰਾਨ ਇੱਕਤਰ ਹੋਏ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਲੁਬਾਣਾ, ਰਜਿੰਦਰਾ ਹਸਪਤਾਲ ਦੇ ਪ੍ਰਧਾਨ ਰਾਮ ਕਿਸ਼ਨ, ਖੋਜ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ, ਫੈਡਰੇਸ਼ਨ ਦੇ ਪ੍ਰਧਾਨ ਜਗਮੋਹਨ ਸਿੰਘ ਨੌਲਖਾ, ਮੈਡੀਕਲ ਕਾਲਜ ਦੇ ਪ੍ਰਧਾਨ ਅਰੁਨ ਕੁਮਾਰ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਮੰਗਾਂ ਅਤੇ ਸੇਵਾਵਾਂ ਰੈਗੂਲਰ ਕਰਵਾਉਣ ਤੇ ਮਿ੍ਤਕ ਕਰਮਚਾਰੀਆਂ ਦੇ ਆਸਰਿਤਾਂ ਨੂੰ ਨੌਕਰੀਆਂ ਦਿਵਾਉਣ ਸਮੇਤ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਵੱਲੋਂ 27 ਸਤੰਬਰ 2020 ਨੂੰ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਸੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਮੁਲਾਜ਼ਮਾਂ, ਪੈਨਸ਼ਨਰਾਂ ਸਮੇਤ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦੱਬੀ ਬੈਠੀ ਹੈ ਉਥੇ ਹੀ ਵਿਭਾਗਾਂ ਦੀ ਅਫਸਰਸ਼ਾਹੀ ਵੀ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਕੰਮ ਛੋੜ ਹੜਤਾਲ ਤੇ ਜਾਣਾ ਪੈ ਰਿਹਾ ਹੈ। ਇਸ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਪਰੰਤੂ ਹਸਪਤਾਲ ਦੀਆਂ ਜਰੂਰੀ ਸੇਵਾਵਾਂ ਵਿੱਚ ਕੋਈ ਵਿਘਨ ਨਹੀਂ ਪਵੇਗੀ, ਇਨ੍ਹਾਂ ਸੇਵਾਵਾਂ ਨੂੰ ਜਾਰੀ ਰਖਿਆ ਜਾਵੇਗਾ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ 25-26ਜਨਵਰੀ ਨੂੰ ਮੈਡੀਕਲ ਕਾਲਜ ਪਟਿਆਲਾ ਦੇ ਸਾਹਮਣੇ ਭੁੱਖ ਹੜਤਾਲ ਸੁਰੂ ਕੀਤੀ ਜਾਵੇਗੀ ਤੇ ਝੰਡਾ ਲਹਿਰਾਉਣ ਆ ਰਹੇ ਮੁੱਖ ਮੰਤਰੀ ਪੰਜਾਬ ਨੂੰ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਮੰਗਾਂ ਅਤੇ ਕੰਟਰੈਕਟ-ਆਊਟਸੋਰਸ-ਡੇਲੀਵੇਜਿਜ ਤੇ ਪਾਰਟਟਾਇਮ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਰਾਮ ਲਾਲ ਰਾਮਾ ਸ਼ਹਿਰੀ ਪ੍ਰਧਾਨ, ਰਤਨ ਸਿੰਘ ਪ੍ਰਧਾਨ ਪ੍ਰਦੂਸ਼ਨ ਕੰਟਰੋਲ ਬੋਰਡ, ਸੁਖਦੇਵ ਸਿੰਘ ਝੰਡੀ, ਸੁਖਵਿੰਦਰ ਸਿੰਘ, ਪ੍ਰਧਾਨ ਰੋਹਿਤ ਮਾਨ, ਰਤਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਕਲਿਆਣ ਜਨਰਲ, ਨਰੇਸ਼ ਕੁਮਾਰ ਗਾਟ ਕੈਸ਼ੀਅਰ, ਬਾਲਕ ਰਾਮ ਚੇਅਰਮੈਨ, ਬਲਜਿੰਦਰ ਸਿੰਘ, ਸੁਰਿੰਦਰ ਦੁੱਗਲ, ਵਿਕਰਮ ਗਾਗਟ ਆਦਿ ਹਾਜ਼ਰ ਸਨ।