ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਰੁਜ਼ਗਾਰ ਦੀ ਮੰਗ ਲਈ ਮੋਬਾਈਲ ਟਾਵਰ ’ਤੇ ਲਗਾਤਾਰ 24 ਦਿਨਾਂ ਤੋਂ ਦੋਵੇਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਡਟੇ ਹੋਏ ਹਨ। ਲਗਾਤਾਰ ਭੁੱਖੇ-ਪਿਆਸੇ ਬੈਠਣ ਕਾਰਨ ਦੋਵਾਂ ਦੀ ਸਰੀਰਕ ਹਾਲਤ ਦਿਨ ਪ੍ਰਤੀਦਿਨ ਵਿਗੜਨ ਲੱਗ ਪਈ ਹੈ। ਹਾਲਤ ਹੁਣ ਇੰਨੀ ਗੰਭੀਰ ਹੋ ਗਈ ਹੈ ਕਿ ਉਨ੍ਹਾਂ ਤੋਂ ਨਾ ਤਾਂ ਠੀਕ ਤਰੀਕੇ ਨਾਲ ਬੋਲਿਆ ਜਾ ਰਿਹਾ ਹੈ ਤੇ ਨਾ ਹੀ ਠੀਕ ਤਰੀਕੇ ਨਾਲ ਖੜ੍ਹਾ ਹੋਇਆ ਜਾ ਰਿਹਾ ਹੈ।

ਇਸ ਮੌਕੇ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਕੋਰੋਨਾ ਨਾਲੋਂ ਵੱਧ ਖ਼ਤਰਾ ਕੈਪਟਨ ਸਰਕਾਰ ਤੋਂ ਹੈ। ਕੈਪਟਨ ਸਰਕਾਰ ਨੇ ਕਰੋਨਾ ਦੀ ਆੜ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਖ਼ਤਮ ਕਰ ਕੇ ਨਿੱਜੀਕਰਨ ਦੀ ਨੀਤੀਆਂ ਨੂੰ ਲਾਗੂ ਕਰਨ ਤੇ ਲੱਗੀ ਹੋਈ ਹੈ ਜਿਸ ਨਾਲ ਕਿ ਹਜ਼ਾਰਾਂ ਬੇਰੁਜ਼ਗਾਰ ਜੋ ਸਰਕਾਰੀ ਨੌਕਰੀ ਦੇ ਸੁਪਨੇ ਲੈ ਰਹੇ ਸੀ, ਦੇ ਸੁਪਨਿਆਂ ਨੂੰ ਤਬਾਹ ਕੀਤਾ ਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਹੈ।

ਕੈਪਟਨ ਸਰਕਾਰ ਵੱਲੋਂ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕਰੋਨਾ ਦੇ ਨਾਂ ਹੇਠ ਪੰਜਾਬ ਵਿੱਚ ਵੱਖ ਵੱਖ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਦੋਂ ਇਨ੍ਹਾਂ ਨੇ ਸਿਆਸੀਆਂ ਰੈਲੀਆਂ ਕਰਨੀਆਂ ਹੁੰਦੀਆਂ ਤਾਂ ਕੋਰੋਨਾ ਕਿਤੇ ਵੀ ਦਿਖਾਈ ਨਹੀਂ ਦਿੰਦਾ ਹੈ।

Posted By: Jagjit Singh