ਗੁਲਸ਼ਨ ਸ਼ਰਮਾ, ਪਟਿਆਲਾ : ਬੀਤੀ 29 ਮਾਰਚ ਨੂੰ ਪਟਿਆਲਾ ਸ਼ਹਿਰ ਦੇ ਥਾਪਰ ਯੂਨੀਵਰਸਿਟੀ ਵਾਲੇ ਚੌਕ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਜਿੱਥੇ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਸਨ, ਜਦੋਂ ਕਿ ਕਈ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਵੀ ਹੋਏ। ਇਸ ਮਾਮਲੇ 'ਚ ਪੁਲਿਸ ਦੀ ਿਢੱਲੀ ਕਾਰਵਾਈ ਕਾਰਨ ਕਿਸਾਨ ਮੋਰਚਾ ਇਨਸਾਫ਼ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਸੜਕ ਜਾਮ ਕਰ ਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ 'ਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੁਲਜ਼ਮ ਗੱਡੀ ਚਾਲਕ ਨੂੰ ਗਿ੍ਫ਼ਤਾਰ ਕਰਕੇ ਉਸ ਦਾ ਸਰਕਾਰੀ ਹਸਪਤਾਲ 'ਚ ਡਾਕਟਰੀ ਮੁਆਇਨਾ ਕਰਵਾਉਣ ਦੀ ਥਾਂ ਨਿੱਜੀ ਹਸਪਤਾਲ ਪਹੁੰਚਾਉਣ ਵਾਲੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਬੱਝ ਸਕੇ। ਆਗੂਆਂ ਨੇ ਕਿਹਾ ਕਿ ਧਰਨਾਕਾਰੀਆਂ ਨਾਲ ਬੈਠੇ ਪਰਿਵਾਰਾਂ ਦੇ ਤਿੰਨ ਬੇਕਸੂਰ ਜੀਅ ਜਹਾਨੋਂ ਚਲੇ ਗਏ ਹਨ। ਉਨ੍ਹਾਂ ਮੰਗ ਰੱਖੀ ਕਿ ਹਾਦਸੇ ਦੀ ਥਾਂ ਵਾਲੇ ਥਾਪਰ ਯੂਨੀਵਰਸਿਟੀ ਚੌਕ ਦਾ ਨਾਂ ਕਿਸਾਨ ਮੋਰਚਾ ਸ਼ਹੀਦ ਯਾਦਗਾਰੀ ਚੌਕ ਰੱਖਿਆ ਜਾਵੇ, ਕਿਸਾਨ ਮੋਰਚਾ ਸ਼ਹੀਦਾਂ ਨੂੰ ਬਣਦਾ ਮੁਆਵਜ਼ਾ ਦੇਣ ਦੇ ਨਾਲ-ਨਾਲ ਥਾਪਰ ਚੌਕ ਨੂੰ ਹੋਰ ਖੁੱਲ੍ਹਾ ਕੀਤਾ ਜਾਵੇ ਅਤੇ ਆਵਾਜਾਈ ਸਹੀ ਢੰਗ ਨਾਲ ਕੱਢਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਜੋ ਟ੍ਰੈਫਿਕ 'ਚ ਕੋਈ ਵਿਘਨ ਨਾ ਪਵੇ। ਸ਼ਹੀਦ ਪਰਿਵਾਰਾਂ ਲਈ ਸਰਕਾਰੀ ਨੌਕਰੀਆਂ ਅਤੇ ਪੈਨਸ਼ਨ ਦਾ ਇੰਤਜ਼ਾਮ ਕੀਤਾ ਜਾਵੇ। ਡੀਸੀ ਦਫ਼ਤਰ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਸੈਂਕੜਿਆਂ ਦੀ ਗਿਣਤੀ 'ਚ ਇਕੱਠ ਕਰਕੇ ਹਾਦਸੇ 'ਚ ਕੀਮਤੀ ਜਾਨਾਂ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਦੇ ਨਾਂ ਐੱਸਡੀਐੱਮ ਚਰਨਜੀਤ ਸਿੰਘ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ।