ਪਟਿਆਲਾ : ਸੋਮਵਾਰ ਨੂੰ ਨਰਸਿੰਗ ਸਟਾਫ ਯੂਨੀਅਨ ਵਫਦ ਦੀ ਚੰਡੀਗੜ੍ਹ ਵਿਚ ਪੈਨਲ ਮੀਟਿੰਗ ਨਹੀਂ ਹੋ ਸਕੀ। ਦੇਰ ਸ਼ਾਮ ਤਕ ਕੋਈ ਹੱਲ ਨਾ ਨਿਕਲਣ 'ਤੇ ਭੜਕੇ ਪ੍ਦਰਸ਼ਨਕਾਰੀਆਂ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਓਪੀਡੀ ਤੇ 5 ਆਪ੍ਰੇਸ਼ਨ ਥੀਏਟਰਾਂ ਨੂੰ ਤਖਤੀਆਂ ਲਾ ਕੇ ਬੰਦ ਕਰ ਦਿੱਤਾ। ਜਿਸ ਤੋਂ ਸਪੱਸ਼ਟ ਹੈ ਕਿ ਮੰਗਲਵਾਰ ਨੂੰ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਜਾਣਕਾਰੀ ਦਿੰਦਿਆਂ ਨਰਸਿੰਗ ਸਟਾਫ਼ ਆਗੂ ਸੰਦੀਪ ਕੌਰ ਨੇ ਦੱਸਿਆ ਕਿ ਐੱਮਐੱਸ ਡਾ. ਰਾਜਨ ਸਿੰਗਲਾ ਵੱਲੋਂ ਦੁਪਹਿਰ ਤਕ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਸਪਤਾਲ ਅਤੇ ਜ਼ਿਲ੍ਹਾ ਪ੍ਸ਼ਾਸਨ ਵੱਲੋਂ ਵਾਅਦਿਆਂ ਤੋਂ ਮੁਕਰਦੇ ਹੋਏ ਕੋਈ ਵੀ ਹੱਲ ਨਹੀਂ ਕੀਤਾ ਗਿਆ ਹੈ। ਰੋਸ 'ਚ ਮੁਲਾਜ਼ਮਾਂ ਵੱਲੋਂ ਬੱਚਾ ਵਿਭਾਗ, ਲੇਬਰ ਰੂਮ, ਐਕਸ-ਰੇ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਵਿਭਾਗਾਂ ਨੂੰ ਫੱਟੀਆਂ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਸ਼ਾਸਨ ਅਤੇ ਹਸਪਤਾਲ ਪ੍ਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀ ਹੋ ਜਾਂਦਾ ਉਦੋਂ ਤਕ ਵਿਭਾਗਾਂ ਨੂੰ ਖੁਲ੍ਹਣ ਨਹੀਂ ਦਿੱਤਾ ਜਾਵੇਗਾ। ਉਥੇ ਹੀ ਯੂਨੀਅਨ ਪ੍ਧਾਨ ਕਰਮਜੀਤ ਕੌਰ ਅੌਲਖ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਮਜਬੂਰੀ ਵੱਸ ਖ਼ੁਦਕੁਸ਼ੀਆਂ ਦਾ ਰਾਹ ਅਖਤਿਆਰ ਕਰਨਾ ਪਵੇਗਾ।

ਸਵੇਰ ਤਕ ਮਸਲਾ ਹੋ ਜਾਵੇਗਾ ਹੱਲ : ਐੱਮਐੱਸ

ਜਾਣਕਾਰੀ ਦਿੰਦਿਆਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਨੇ ਕਿਹਾ ਕਿ ਮੰਗਲਵਾਰ ਸਵੇਰੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਰਸਾਂ ਨੂੰ ਮਨਾਉਣ ਤੋਂ ਬਾਅਦ ਸਾਰੇ ਵਿਭਾਗਾਂ ਤੋਂ ਫੱਟੀਆਂ ਉਤਾਰ ਦਿੱਤੀਆਂ ਜਾਣਗੀਆਂ।