ਜਗਨਾਰ ਸਿੰਘ ਦੁਲੱਦੀ, ਨਾਭਾ

ਜਦੋਂ ਤੋਂ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਸੋਧ ਬਿੱਲ ਤਿੰਨ ਆਰਡੀਨੈਂਸ ਬਿੱਲ ਲਿਆ ਕੇ ਰਾਜ ਸਭਾ ਤੇ ਲੋਕ ਸਭਾ ਵਿਚ ਪਾਸ ਕਰਨ ਉਪਰੰਤ ਮਾਨਯੋਗ ਰਾਸ਼ਟਰਪਤੀ ਕੋਲ ਦਸਤਖਤਾਂ ਲਈ ਭੇਜੇ ਹਨ, ਉਪਰੰਤ ਦੇਸ਼ ਦੇ ਅੰਨਦਾਤਾ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਪ੍ਰਤੀ ਸੱਤਵੇਂ ਸਥਾਨ ਤੇ ਹੈ ਅਤੇ ਇਸੇ ਰੋਸ ਤਹਿਤ ਕਿਸਾਨ ਯੂਨੀਅਨਾਂ ਵਲੋਂ 24, 25 ਅਤੇ 26 ਸਤੰਬਰ ਨੂੰ ਰੇਲਾਂ ਰੋਕਣ ਦਾ ਪ੍ਰਰੋਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਅੱਜ ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰ੍ਧਾਨ ਹਰਮੇਲ ਸਿੰਘ ਤੂੰਗਾਂ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਕਕਰਾਲਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਦੀ ਅਗਵਾਈ ਵਿਚ ਨਾਭਾ-ਧੂਰੀ ਰੇਲਵੇ ਟਰੇਕ ਨੂੰ ਜਾਮ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਦੇ ਨਾਲ-ਨਾਲ ਅੌਰਤਾਂ ਨੇ ਵੀ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖਿਲਾਫ ਜੰਮ੍ਹ ਕੇ ਨਾਅਰੇਬਾਜੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਸੇਸ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਜਿਲ੍ਹਾ ਵਾਈਸ ਪ੍ਰਧਾਨ ਕਰਨੈਲ ਸਿੰਘ ਲੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੀ ਗਏ ਹਨ ਇਸ ਨਾਲ ਕਿਸਾਨਾਂ ਦੇ ਚੁੱਲਿਆਂ ਦੀ ਅੱਗ ਠੰਡੀ ਪੈ ਚੁੱਕੀ ਹੈ, ਜਿਸ ਕਰਕੇ ਅੰਨ੍ਹਦਾਤਾ ਕਿਸਾਨ ਜੋ ਦੇਸ਼ ਦਾ ਿਢੱਡ ਭਰਦਾ ਸੀ ਅੱਜ ਉਸ ਨੂੰ ਆਪਣੇ ਪਰਿਵਾਰ ਦੀ ਫਿਕਰ ਪੈ ਗਈ ਕਿਉਂ ਜੋ ਇਨ੍ਹਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਦੇਸ਼ ਦਾ ਵਪਾਰੀ ਅਤੇ ਮਜ਼ਦੂਰ ਵਿਹਲਾ ਹੋ ਜਾਵੇਗਾ ਅਤੇ ਕਾਰਪੋਰੇਟ ਘਰਾਣੇ ਜਮੀਨਾਂ ਤੇ ਕਾਬਜ ਹੋ ਕੇ ਮਨਮਰਜੀਆਂ ਕਰਨਗੇ, ਜਿੰਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀ ਪੂਰੀ ਸਹਿ ਹੈ। ਬਲਾਕ ਪ੍ਰਧਾਨ ਤੂੰਗਾਂ ਅਤੇ ਜਨਰਲ ਸਕੱਤਰ ਸਾਲੂਵਾਲ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਜਾਰੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਲੋਕ ਆਉਣ ਵਾਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਭਾਜਪਾਈਆਂ ਨੂੰ ਪਿੰਡਾਂ ਸਹਿਰਾਂ ਵਿੱਚ ਦਖਲ ਨਹੀਂ ਹੋਣ ਦੇਣਗੇ, ਜਿਸਦਾ ਖਾਮਿਆਜਾ ਕੇਂਦਰ ਦੀ ਮੋਦੀ ਸਰਕਾਰ ਨੂੰ ਭੁਗਤਣਾ ਪਵੇਗਾ।