ਪੱਤਰ ਪ੍ਰਰੇਰਕ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੁਦਮੁਖਤਿਆਰੀ, ਵਿੱਤੀ ਗ੍ਾਂਟ, ਤਨਖਾਹਾਂ ਅਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਅਤੇ ਵਿਦਿਆਰਥੀਆਂ ਦੀਆਂ ਫੀਸਾਂ 'ਚ ਵਾਧੇ ਖਿਲਾਫ ਲਗਾਤਾਰ ਸੰਗਰਸ਼ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾਂ ਵਾਈਸ ਚਾਂਸਲਰ ਦੇ ਦਫਤਰ ਅੱਗੇ 69ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਅੱਜ ਇਸ ਧਰਨੇ ਵਿਚ ਅਧਿਆਪਕਾਂ, ਕਰਮਚਾਰੀਆਂ, ਪੈਨਸ਼ਨਰਾਂ ਤੋਂ ਇਲਾਵਾ ਗੈਸਟ ਫੈਕਲਟੀ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਧਰਨੇ ਵਿਚ ਬੋਲਦੇ ਹੋਏ ਪੂਟਾ ਸਕੱਤਰ ਡਾ. ਅਵਨੀਤਪਾਲ ਨੇ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਯੂਨੀਵਰਸਿਟੀ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਯੂਨੀਵਰਸਿਟੀ ਨੂੰ ਵਿੱਤੀ ਗ੍ਾਂਟ ਦੀ ਅਦਾਇਗੀ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ। ਧਰਨੇ ਵਿੱਚ ਬੋਲਦੇ ਹੋਏ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਗਰਿੰਦਰਪਾਲ ਸਿੰਘ ਬੱਬੀ ਨੇ ਆਖਿਆ ਕਿ ਵਾਈਸ ਚਾਂਸਲਰ ਨੂੰ ਆਪਣੇ ਦਫਤਰ ਆ ਕਿ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਲਝਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੇ ਦਫਤਰ ਨਾ ਆਉਣ ਕਰਕੇ ਯੂਨੀਵਰਸਿਟੀ ਦਾ ਪ੍ਰਬੰਧ ਪੰਜਾਬ ਸਰਕਾਰ ਦੇ ਵਿੱਤੀ ਪ੍ਰਬੰਧ ਵਾਂਗ ਦਿਨੋ ਦਿਨ ਵਿਗੜਦਾ ਜਾ ਰਿਹਾ ਹੈ। ਪੂਟਾ ਦੇ ਕਾਰਜਕਾਰੀ ਮੈਂਬਰ ਡਾ. ਪ੍ਰਨੀਤ ਕੌਰ ਨੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਕਿਹਾ ਕਿ ਪੂਟਾ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਸਦਾ ਉਨਾਂ ਨਾਲ ਸਹਿਯੋਗ ਕਰੇਗੀ। ਉਨ੍ਹਾਂ ਵਾਈਸ-ਚਾਂਸਲਰ ਦੀ ਆਲੋਚਨਾ ਕਰਦੇ ਕਿਹਾ ਕਿ ਪਾਰਟ ਟਾਈਮ ਅਧਿਆਪਕਾਂ ਦੀ ਤਨਖਾਹ ਦੀ ਕਾਫੀ ਲੰਮੇ ਸਮੇਂ ਤੋਂ ਅਦਾਇਗੀ ਨਹੀਂ ਕੀਤੀ ਗਈ ਜੋ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਮੁਲਾਜ਼ਮਾਂ ਪ੍ਰਤੀ ਰਵਈਏ ਨੂੰ ਉਜਾਗਰ ਕਰਦੀ ਹੈ। ਇਸ ਧਰਨੇ ਵਿਚ ਬੋਲਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਸਰਕਾਰ ਦੇ ਆਈ.ਏ.ਐਸ. ਅਧਿਕਾਰੀਆਂ ਵਲੋਂ ਯੂਨੀਵਰਸਿਟੀ ਵਿਚ ਬੇਲੋੜੀ ਦਖਲਅੰਦਾਜ਼ੀ ਅਤੇ ਸਰਕਾਰ ਦੁਆਰਾ ਵਿੱਤੀ ਗ੍ਾਂਟ ਨਾ ਮੁਹੱਈਆ ਕਰਵਾਉਣ ਨੂੰ ਮੰਦਭਾਗਾ ਕਰਾਰ ਦਿੱਤਾ। ਇਸ ਤੋਂ ਇਲਾਵਾ ਇਸ ਧਰਨੇ ਵਿਚ ਪੂਟਾ ਦੇ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ, ਧਰਮਿੰਦਰ ਪੰਨੂੰ, ਅਵਤਾਰ ਸਿੰਘ, ਵਿਜੈ ਕੁਮਾਰ, ਗੁਰਪ੍ਰਰੀਤ ਜੋਨੀ, ਆਜ਼ਾਦ ਸਿੰਘ ਨੇ ਵੀ ਸ਼ਿਰਕਤ ਕੀਤੀ। ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਲਗਾਤਾਰ ਤਿੱਖੇ ਰੂਪਾਂ ਵਿਚ ਜਾਰੀ ਰਹੇਗਾ।