ਗੁਲਸ਼ਨ ਸ਼ਰਮਾ, ਪਟਿਆਲਾ

ਬਸਪਾ ਵਲੋਂ ਪਟਿਆਲਾ ਵਿਖੇ ਵਿਸ਼ਾਲ ਰੋਸ ਮਾਰਚ ਅਤੇ ਰੋਸ ਪ੍ਰਦਰਸ਼ਨ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ 'ਚ ਕੀਤਾ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਵਿਪੁਲ ਕੁਮਾਰ ਸ਼ਾਮਿਲ ਹੋਏ। ਬੈਣੀਵਾਲ ਨੇ ਕਿਹਾ ਕਿ ਬਸਪਾ 2022 ਲਈ ਪੰਜਾਬ 'ਚ ਮਜ਼ਬੂਤ ਲੜਾਈ ਲੜ ਕੇ ਸੱਤਾ ਦੀ ਹਿੱਸੇਦਾਰ ਬਣੇਗੀ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਨੇ ਡਰਾਮੇ ਕਰ-ਕਰਕੇ ਪੰਜਾਬ ਦੀ ਸੱਤਾ ਹਥਿਆਈ, ਆਪਸੀ ਰਿਸ਼ਤੇਦਾਰੀਆਂ ਪਾਈਆਂ ਅਤੇ ਪੰਜਾਬੀਆਂ ਨੂੰ ਲੁੱਟਿਆ। ਆਗੂ ਨੇ ਕਿਹਾ ਕਿ 1992 ਦੀਆ ਚੋਣਾਂ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਲੜੀਆਂ, ਜੋਕਿ ਬਾਅਦ 'ਚ ਕਾਂਗਰਸ 'ਚ ਸ਼ਾਮਿਲ ਹੋ ਕੇ ਮੁੱਖ ਮੰਤਰੀ ਬਣੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ 1957 'ਚ ਕਾਂਗਰਸ ਦੀ ਟਿਕਟ ਤੋਂ ਐੱਮਐੱਲਏ ਬਣੇ, ਪਰ ਪੰਜ ਵਾਰ ਮੁੱਖ ਮੰਤਰੀ ਅਕਾਲੀ ਦਲ ਤੋਂ ਬਣੇ ਅਕਾਲੀ ਭਾਜਪਾ ਤੇ ਕਾਂਗਰਸੀ ਡਰਾਮੇਬਾਜ ਹਨ। ਇਹ ਆਪਸ 'ਚ ਮਿਲ-ਜੁਲ ਕੇ ਦਲਿਤ ਪਛੜੇ ਵਰਗਾਂ ਨੂੰ ਦਬਾਉਣ ਤੇ ਕੁਚਲਣ ਦਾ ਕੰਮ ਕਰਦੇ ਹਨ। ਦਲਿਤ ਮੁਲਾਜ਼ਮਾਂ ਦੀਆ ਤਰੱਕੀਆਂ ਨੂੰ ਰੋਕਣ ਲਈ ਜੰਜੂਆ ਅਕਾਲੀ ਸਰਕਾਰ ਨੇ 24 ਘੰਟਿਆ 'ਚ ਲਾਗੂ ਕੀਤਾ ਸੀ, ਜਦੋਂਕਿ 2003 'ਚ ਕਾਂਗਰਸ ਸਰਕਾਰ ਨੇ 2007 ਤਕ ਵੀ 85ਵੀ ਸੋਧ ਲਾਗੂ ਨਹੀਂ ਕੀਤੀ ਅਤੇ ਨਾ ਹੀ ਹੁਣ 2022 ਤਕ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਸਾਲ 2006 'ਚ ਸਾਹਿਬ ਕਾਂਸੀ ਰਾਮ ਦੀ ਮੌਤ 'ਤੇ ਕਾਂਗਰਸ ਨੇ ਨਾ ਹੀ ਕੋਈ ਸੋਗ ਦਿਵਸ ਐਲਾਨਿਆ, ਨਾ ਹੀ ਕੋਈ ਛੁੱਟੀ ਕੀਤੀ ਸੀ। ਗੜੀ ਨੇ ਕਿਹਾ ਕਿ ਹੁਣ 64 ਕਰੋੜ ਦੇ ਕਥਿਤ ਘਪਲੇ 'ਚ ਡਾਕਾ ਮਾਰਨ ਵਾਲੇ ਸਾਧੂ ਸਿੰਘ ਧਰਮਸੋਤ ਨੂੰ ਸਜ਼ਾ ਨਹੀ ਦਿਤੀ, ਸਗੋਂ ਘਪਲੇ ਦੀ ਸੂਚਨਾ ਦੇਣ ਵਾਲੇ ਸਕੱਤਰ ਕਿਰਪਾ ਸੰਕਰ ਸਰੋਜ ਨੂੰ ਵੀ ਵਿਭਾਗ ਬਦਲੀ ਕਰ ਸਜ਼ਾ ਦਿੱਤੀ ਹੈ ਕਾਂਗਰਸ ਸਰਕਾਰ ਦੇ ਰਾਜ 'ਚ ਦਲਿਤਾਂ ਦਾ ਦੋ ਲੱਖ ਤੋਂ ਜਿਆਦਾ ਵਿਦਿਆਰਥੀ ਸਿੱਖਿਆ ਸੰਸਥਾਵਾਂ ਨੂੰ ਛੱਡ ਕੇ ਮਜ਼ਦੂਰੀ ਕਰਨ ਲਈ ਸੜਕਾਂ 'ਤੇ ਰੁਲਣ ਲਈ ਮਜਬੂਰ ਹੋਇਆ ਹੈ। ਗੜੀ ਨੇ ਕਾਂਗਰਸ ਨੂੰ 2022 ਦੀ ਚੁਣੌਤੀ ਦਿੰਦਿਆਂ ਕਿਹਾ ਕਿ ਬਸਪਾ ਨੇ ਪੰਜਾਬ 'ਚ ਅੰਦੋਲਨ ਦੀ ਲੜੀ ਸ਼ੁਰੂ ਕਰ ਰੱਖੀ ਹੈ, ਜਿਸ ਤਹਿਤ 14 ਸਤੰਬਰ ਫਗਵਾੜਾ, 18 ਸਤੰਬਰ ਹੁਸ਼ਿਆਰਪੁਰ, 24 ਸਤੰਬਰ ਅੰਮਿ੍ਤਸਰ, 28 ਸਤੰਬਰ ਬਠਿੰਡਾ ਅਤੇ ਅੱਜ 29 ਸਤੰਬਰ ਨੂੰ ਪਟਿਆਲਾ ਦੀ ਧਰਤੀ 'ਤੇ ਵਿਸ਼ਾਲ ਰੋਸ ਮਾਰਚ ਤੇ ਮੁਜਾਹਰੇ ਕੀਤੇ ਹਨ। ਹੁਣ ਅੱਗੇ 3 ਅਕਤੂਬਰ ਸੰਗਰੂਰ ਤੇ 9 ਅਕਤੂਬਰ ਨੂੰ ਪਾਇਲ ਲੁਧਿਆਣਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਬਲਦੇਵ ਮਹਿਰਾ, ਜੋਗਾ ਸਿੰਘ ਪਨੌਦੀਆਂ, ਨਛੱਤਰਪਾਲ, ਭਗਵਾਨ ਸਿੰਘ ਚੌਹਾਨ, ਚਮਕੌਰ ਸਿੰਘ, ਅਜੀਤ ਸਿੰਘ ਭੈਣੀ, ਰਜਿੰਦਰ ਸਿੰਘ, ਕੇਸਰ ਸਿੰਘ ਬਖਸੀਵਾਲਾ, ਜਸਪ੍ਰਰੀਤ ਸਿੰਘ ਬੀਜਾ, ਰਾਮ ਸਿੰਘ ਗੋਗੀ, ਜਗਜੀਤ ਸਿੰਘ ਛਰਬੜ, ਰਾਮ ਸਰੂਪ ਬਹਾਦਰਗੜ੍ਹ, ਰਾਜ ਕੁਮਾਰੀ, ਮੱਘਰ ਸਿੰਘ ਤੂਰ, ਸੁਖਲਾਲ, ਰਣਧੀਰ ਸਿੰਘ ਚੀਮਾ, ਕੁਲਵਿੰਦਰ ਸਿੰਘ ਸਮਾਣਾ, ਚੰਦ ਸਿੰਘ ਭੱਟੀ, ਛੱਜੂ ਸਿੰਘ, ਸੁਰਜੀਤ ਸਿੰਘ, ਰੋਸ਼ਨ ਲਾਲ ਆਦਿ ਵੱਡੀ ਗਿਣਤੀ 'ਚ ਬਸਪਾ ਵਰਕਰ ਹਾਜ਼ਰ ਸਨ।