ਸਟਾਫ ਰਿਪੋਰਟਰ, ਪਟਿਆਲਾ : ਪੰਜਾਬ 'ਚ ਕਰਫਿਊ ਤੇ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਜਿਮ ਖੋਲ੍ਹਣ ਦੀ ਮਨਜ਼ੂਰੀ ਨਾ ਦੇਣ 'ਤੇ ਅੱਜ ਜਿਮ ਮਾਲਕਾਂ ਤੇ ਬਾਡੀ ਬਿਲਡਰਾਂ ਵਲੋਂ ਸ਼ਰਾਬ ਦੇ ਠੇਕੇ ਅੱਗੇ ਡੰਡ ਤੇ ਡੰਬਲ ਮਾਰ ਕੇ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਮ ਮਾਲਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹ ਕੇ ਲੋਕਾਂ ਨੂੰ ਨਸ਼ਿਆਂ 'ਤੇ ਲਾਇਆ ਜਾ ਰਿਹਾ ਹੈ ਪਰ ਸਿਹਤ ਬਣਾਉਣ ਲਈ ਜਿਮ ਨਹੀਂ ਖੋਲ੍ਹਣ ਦਿੱਤੇ ਜਾ ਰਹੇ।

ਜਿਮ ਮਾਲਕ ਤੇ ਬਾਡੀ ਬਿਲਡਰ ਡੰਬਲ ਤੇ ਹੋਰ ਸਾਜ਼ੋ ਸਾਮਾਨ ਲੈ ਕੇ ਸ਼ਹਿਰ ਦੇ ਇਕ ਸ਼ਰਾਬ ਦੇ ਠੇਕੇ ਅੱਗੇ ਪੁੱਜ ਗਏ। ਭਲਵਾਨਾਂ ਨੂੰ ਠੇਕੇ ਦੇ ਬਾਹਰ ਇਕੱਠਾ ਹੁੰਦਿਆਂ ਦੇਖ ਠੇਕੇ ਦੇ ਕਰਿੰਦਿਆਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਭਲਵਾਨਾਂ ਨੇ ਠੇਕੇ ਅੱਗੇ ਕਮੀਜ਼ਾਂ ਉਤਾਰ ਕੇ ਨੰਗੇ ਧੜ ਡੰਡ ਤੇ ਡੰਬਲ ਲਾਉਣੇ ਸ਼ੁਰੂ ਕੀਤੇ ਤਾਂ ਲੋਕਾਂ ਦੀ ਭੀੜ ਵੀ ਇਕੱਤਰ ਹੋਣ ਲੱਗੀ। ਭਲਵਾਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀਆਂ ਗੱਲਾਂ ਤਾਂ ਕਰ ਰਹੀ ਹੈ ਪਰ ਅਸਲ ਵਿਚ ਇਸ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਲੱਗਿਆ ਕਰਫਿਊ ਤੇ ਲਾਕਡਾਊਨ ਖੁੱਲ੍ਹ ਗਿਆ ਹੈ ਤੇ ਸਾਰੇ ਬਜ਼ਾਰਾਂ, ਮਾਲ ਤੇ ਹੋਰ ਅਦਾਰਿਆਂ ਨੂੰ ਖੋਲ੍ਹਣ ਦੀ ਛੋਟੀ ਦਿੱਤੀ ਹੈ।

ਹੈਰਾਨੀ ਵਾਲੀ ਗੱਲ ਹੈ ਕਿ ਤੈਅ ਸਮੇਂ ਤੋਂ ਵੀ ਵੱਧ ਖੁੱਲਣ ਵਾਲੇ ਸ਼ਰਾਬ ਦੇ ਠੇਕਿਆਂ 'ਤੇ ਖਾਸ ਮਿਹਰਬਾਨੀ ਦਿਖਾਈ ਜਾ ਰਹੀ ਹੈ ਜਦੋਂਕਿ ਲੋਕਾਂ ਨੂੰ ਸਿਹਤਮੰਦ ਤੇ ਨਸ਼ਿਆਂ ਤੋਂ ਦੂਰ ਲੈ ਕੇ ਜਾਣ ਵਾਲੇ ਜਿੰਮ ਬੰਦ ਕਰਵਾ ਦਿੱਤੇ ਹਨ। ਬਾਡੀ ਬਿਲਡਰ ਰਾਜੇਸ਼ ਅਰੋੜਾ ਨੇ ਕਿਹਾ ਕਿ ਜ਼ਿਆਦਾਤਰ ਜਿੰਮ ਮਾਲਕ ਕਿਰਾਏ ਦੀ ਇਮਾਰਤ 'ਚ ਜਿਮ ਚਲਾਉਂਦੇ ਹਨ ਜੋਕਿ ਪਿਛਲੇ ਚਾਰ ਮਹੀਨੇ ਤੋਂ ਬੰਦ ਹਨ ਪਰ ਕਿਰਾਇਆ ਤੇ ਬਿਜਲੀ ਬਿੱਲ ਹਰ ਮਹੀਨੇ ਭਰਨਾ ਪੈਂਦਾ ਹੈ। ਕੋਈ ਆਮਦਨੀ ਨਾ ਹੋਣ ਕਰਕੇ ਸਿਰਫ ਪੱਲਿਓਂ ਖਰਚ ਕਰ ਕੇ ਜੇਬਾਂ ਵੀ ਖ਼ਾਲੀ ਹੋ ਗਈਆਂ ਹਨ ਤੇ ਹੁਣ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ। ਜਿਮ ਮਾਲਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਮਾਲ, ਹੋਟਲ ਤੇ ਰੈਸਟੋਰੈਂਟ ਆਦਿ ਨੂੰ ਨਿਰਦੇਸ਼ਾਂ ਤਹਿਤ ਖੁੱਲ੍ਹਣ ਦੀ ਮਨਜ਼ੂਰੀ ਦਿੱਤੀ ਹੈ, ਉਸੇ ਤਰ੍ਹਾਂ ਹੀ ਜਿਮ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ।

Posted By: Seema Anand