ਨਵਦੀਪ ਢੀਂਗਰਾ, ਪਟਿਆਲਾ : ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਪੰਜਾਬੀ ਯੂਨੀਵਰਸਿਟੀ ਵਿਖੇ ਪੁੱਜਣ 'ਤੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਵੱਲੋਂ ਮਾਸਟਰ ਕੇਡਰ ਦੀ ਪ੍ਰੀਖਿਆ ਦੇਣ ਲਈ ਬੀਏ ਵਿਚੋਂ 55 ਫ਼ੀਸਦੀ ਨੰਬਰ ਲਾਜ਼ਮੀ ਕਰਨ ਦੇ ਫ਼ੈਸਲੇ ਖ਼ਿਲਾਫ਼ ਵਿਦਿਆਰਥੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਅੱਜ ਕੈਬਨਿਟ ਮੰਤਰੀ ਦੇ ਪੁੱਜਣ 'ਤੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰ ਕੇ ਉਕਤ ਫ਼ੈਸਲਾ ਰੱਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਜਿਥੇ ਮੰਤਰੀ ਸਿੰਗਲਾ ਨੂੰ ਨਾਨ ਟੀਚਿੰਗ ਸਟਾਫ ਵੱਲੋਂ ਮੰਗ ਪੱਤਰ ਦਿੱਤਾ ਗਿਆ, ਉਥੇ ਹੀ ਉਹ ਵਿਦਿਆਰਥੀਆਂ ਨੂੰ ਅਣਦੇਖਾ ਕਰਦਿਆਂ ਅੱਗੇ ਲੰਘ ਗਏ।

ਪੰਜਾਬ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬੀਐੱਡ ਵਿਚ ਦਾਖਲਾ ਲੈਣ 'ਤੇ ਬੀਸੀ ਲਈ 45 ਤੇ ਜਨਰਲ ਸ਼੍ਰੇਣੀ ਲਈ 55 ਫ਼ੀਸਦੀ ਨੰਬਰ ਹੋਣ ਦੀ ਸ਼ਰਤ ਰੱਖੀ ਗਈ ਹੈ। ਇਸੇ ਤਰ੍ਹਾਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਬੀਐੱਡ ਦਾਖਲਾ ਸ਼ਰਤ ਲਾਗੂ ਹੈ।

ਸਰਕਾਰ ਵੱਲੋਂ ਦਿਵਿਆਂਗ ਕੋਟੇ ਦੀ ਬੈਕਲਾਗ ਮਾਸਟਰ ਕੇਡਰ ਅਹੁਦੇ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ 55 ਫ਼ੀਸਦੀ ਨੰਬਰ ਹੋਣ ਦੀ ਸ਼ਰਤ ਨੂੰ ਲਾਗੂ ਕੀਤਾ ਗਿਆ ਹੈ, ਜੋ ਕਿ ਸਰਾਸਰ ਧੱਕਾ ਹੈ।

ਇਨ੍ਹਾਂ ਫ਼ੈਸਲਿਆਂ ਦੇ ਵਿਰੋਧ ਵਿਚ ਹੀ ਅੱਜ ਯੂਨੀਵਰਸਿਟੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਜੇਕਰ 55 ਫ਼ੀਸਦੀ ਨੰਬਰ ਵਾਲੀ ਸ਼ਰਤ ਨੂੰ ਰੱਦ ਨਾ ਕੀਤਾ ਗਿਆ ਤਾਂ 16 ਨਵੰਬਰ ਨੂੰ ਮਾਨਸਾ ਵਿਚ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।

ਨਾਨ ਟੀਚਿੰਗ ਐਸੋਸੀਏਸ਼ਨ ਨੇ ਸੌਂਪਿਆ ਮੰਗ-ਪੱਤਰ

ਪੰਜਾਬੀ ਯੂਨੀਵਰਸਿਟੀ ਵਿਖੇ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਨਾਨ ਟੀਚਿੰਗ ਐਸੋਸੀਏਸ਼ਨ ਦੇ ਵਫਦ ਨੇ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ।

ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਬਰਾੜ ਤੇ ਜਨਰਲ ਸਕੱਤਰ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ 'ਵਰਸਿਟੀ ਦੀ ਵਿੱਤੀ ਹਾਲਤ ਖ਼ਰਾਬ ਹੈ ਤੇ ਕਰਜ਼ਾ 140 ਕਰੋੜ ਤਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਸੀਐੱਮ ਸਿਟੀ ਵਿਚ ਸਥਾਪਤ ਯੂਨੀਵਰਸਿਟੀ ਨੂੰ ਸੂਬਾ ਸਰਕਾਰ ਤੋਂ ਵੱਡੀ ਉਮੀਦ ਹੈ। ਐਸੋਸੀਏਸ਼ਨ ਨੇ ਸਰਕਾਰ ਤੋਂ 'ਵਰਸਿਟੀ ਨੂੰ 500 ਕਰੋੜ ਦੀ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ।