ਸਟਾਫ ਰਿਪੋਰਟਰ, ਪਟਿਆਲਾ : ਮਹਿੰਗੇ ਬਿਜਲੀ ਟੈਰਿਫ ਦੇ ਖਿਲਾਫ ਅੱਜ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਸੱਦੇ 'ਤੇ ਪਾਵਰਕਾਮ ਮੁੱਖ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਪੰਜਾਬ ਏਕਤਾ ਪਾਰਟੀ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੂਨੀਅਰ ਬਾਦਲ ਵਲੋਂ ਪ੍ਰਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬੇਈਮਾਨੀ ਭਰੇ ਪੀ.ਪੀ.ਏ ਦੀ ਮੁੜ ਜਾਂਚ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਜੂਨੀਅਰ ਬਾਦਲ ਦੇ ਇਸ ਅਨੈਤਿਕ ਅਤੇ ਭਿ੍ਸ਼ਟ ਕਾਰੇ ਨੇ ਨਾ ਸਿਰਫ ਪੀ.ਐਸ.ਪੀ.ਸੀ.ਐਲ ਨੂੰ ਵਿੱਤੀ ਤਬਾਹੀ ਕੰਢੇ ਲਿਆ ਦਿੱਤਾ, ਬਲਕਿ ਸਧਾਰਨ ਖਪਤਕਾਰਾਂ 'ਤੇ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਟੈਰਿਫ ਦਾ ਵੱਡਾ ਬੋਝ ਵੀ ਪਾ ਦਿੱਤਾ। ਖਹਿਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਟਰਲਾਈਟ ਕੰਪਨੀ ਨਾਲ 1980 ਮੈਗਾਵਾਟ ਤਲਵੰਡੀ ਸਾਬੋ ਥਰਮਲ ਪਲਾਂਟ, ਲਾਰਸਨ ਐਂਡ ਟਰਬੋ ਨਾਲ 1400 ਮੈਗਾਵਾਟ, ਰਾਜਪੁਰਾ ਥਰਮਲ ਪਲਾਂਟ ਅਤੇ ਜੀ.ਵੀ.ਕੇ ਨਾਲ 500 ਮੈਗਾਵਾਟ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੇ ਪੀ.ਪੀ.ਏ ਦਸਤਖਤ ਕੀਤੇ ਸਨ।ਉਹਨਾਂ ਦੋਸ਼ ਲਗਾਇਆ ਕਿ ਕਿ ਅਜਿਹਾ ਕਰਕੇ ਪਿਛਲੀ ਸਰਕਾਰ ਨੇ ਦੇਸ਼ ਭਰ ਵਿਚ ਬਰਾਬਰ ਸਮਰੱਥਾ ਅਤੇ ਤਕਨੀਕ ਵਾਲੇ ਹੋਰਨਾਂ ਥਰਮਲ ਪਲਾਂਟਾਂ ਨਾਲੋਂ ਕਿਤੇ ਵੱਧ ਫੀਸਦ ਯੂਨਿਟ ਅਦਾ ਕੀਤੇ ਜਾਣ ਦੀ ਸਹਿਮਤੀ ਦਿੱਤੀ ਸੀ। ਇਸਦੇ ਨਾਲ ਹੀ ਉਸ ਸਮੇਂ ਮੰਤਰੀ ਰਹੇ ਬਿਕਰਮ ਮਜੀਠੀਆ ਅਤੇ ਬਿਜਲੀ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਲਰ ਅਤੇ ਬਾਇਉਮਾਸ ਪਲਾਂਟਾਂ ਨਾਲ ਵੀ ਵੱਡੀ ਦਰ 'ਤੇ ਕਰਾਰ ਕੀਤੇ। ਜਿਨਾਂ ਕਾਰਨ ਅੱਜ ਮਹਿੰਗੀ ਬਿਜਲੀ ਦਾ ਬੋਝ ਖਪਤਕਾਰਾਂ ਨੂੰ ਝੇਲਣਾ ਪੈ ਰਿਹਾ ਹੈ। ਪੀ.ਡੀ.ਏ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਬਾਦਲ ਪਰਿਵਾਰ ਨਾਲ ਰਲੇ ਹੋਣ ਦੇ ਇਲਜਾਮ ਲਗਾਏ। ਆਗੂਆਂ ਨੇ ਕਿਹਾ ਕਿ ਸਧਾਰਨ ਖਪਤਕਾਰਾਂ ਨੂੰ ਭਾਰੀ ਬਿੱਲ ਭੇਜੇ ਜਾ ਰਹੇ ਹਨ ਜੋ ਕਿ ਨਾ ਦੇਣਯੋਗ ਹਨ, ਇਸ ਲਈ ਉਹਨਾਂ ਮੰਗ ਕੀਤੀ ਕਿ ਬਿਜਲੀ ਟੈਰਿਫਾਂ ਨੂੰ ਘਟਾਇਆ ਜਾਵੇ ਅਤੇ ਬਾਕੀ ਦੇਸ਼ ਦੇ ਬਰਾਬਰ ਲਿਆਂਦਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੋਕੇ ਜਗਦੇਵ ਸਿੰਘ ਕਮਾਲੂ ਐਮ.ਐਲ.ਏ ਮੋੜ,ਮਾਸਟਰ ਬਲਦੇਵ ਸਿੰਘ ਐਮ.ਐਲ.ਏ ਜੈਤੋ, ਪਿਰਮਲ ਸਿੰਘ ਖਾਲਸਾ ਐਮ.ਐਲ.ਏ ਭਦੋੜ, ਸੀ.ਪੀ.ਆਈ ਦੇ ਬੰਤ ਸਿੰਘ ਬਰਾੜ, ਆਰ.ਐਮ.ਪੀ.ਆਈ ਦੇ ਮੰਗਤ ਰਾਮ ਬੰਸਲ ਅਤੇ ਰਸ਼ਪਾਲ ਸਿੰਘ ਜੋੜਾਮਾਜਰਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

-----

ਬਾਦਲਾਂ ਨੇ ਸਰਮਾਏਦਾਰਾਂ ਨੂੰ ਪਹੁੰਚਾਇਆ ਲਾਭ : ਗਾਂਧੀ

ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਐਮ.ਪੀ ਡਾ.ਧਰਮਵੀਰ ਗਾਂਧੀ ਨੇ ਦੋਸ਼ ਲਗਾਇਆ ਕਿ ਭਾਰੀ ਕੀਮਤ ਉੱਪਰ ਕੋਲਾ ਇਮਪੋਰਟ ਕਰਨ ਵਾਲੀਆਂ ਅਡਾਨੀਆਂ ਦੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਬਾਦਲਾਂ ਨੇ ਜਾਣ ਬੁੱਝ ਕੇ ਝਾਰਖੰਡ ਵਿਚ ਅਲਾਟ ਹੋਈ ਪਛਵਾੜਾ ਕੋਲਾ ਖਾਨ ਨੂੰ ਅਪ੍ਰਰੈਲ 2015 ਤੋਂ ਚਾਲੂ ਹੀ ਨਹੀਂ ਕੀਤਾ। ਜਿਸ ਕਾਰਨ ਸਰਕਾਰੀ ਖਜਾਨੇ ਨੂੰ ਸੈਂਕੜਿਆਂ ਕਰੋੜਾਂ ਦਾ ਨੁਕਸਾਨ ਹੋਇਆਉਹਨਾਂ ਕਿਹਾ ਕਿ ਇਸ ਕਾਰਨ ਪ੍ਰਰਾਈਵੇਟ ਥਰਮਲ ਪਲਾਂਟਾਂ ਅਤੇ ਹੋਰਨਾ ਨਿੱਜੀ ਕੰਪਨੀਆਂ ਤੋਂ ਮਹਿੰਗੇ ਮੁੱਲ 'ਤੇ ਬਿਜਲੀ ਅਤੇ ਕੋਲਾ ਖਰੀਦਣਾ ਪਿਆ। ਜਿਸਦੀ ਮਾਰ ਅੱਜ ਆਮ ਲੋਕਾਂ ਨੂੰ ਝੱਲਣੀ ਪੈ ਰਹੀ ਹੈ।