ਹਰਿੰਦਰ ਸ਼ਾਰਦਾ, ਪਟਿਆਲਾ

ਲਾਕਡਾਊਨ 'ਚ ਵਪਾਰ 'ਤੇ ਭਾਰੀ ਅਸਰ ਪਿਆ ਹੈ। ਜਿਸ ਦੇ ਚੱਲਦਿਆਂ ਬਹੁਤ ਸਾਰੇ ਪਰਿਵਾਰਾਂ ਨੰੂ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਅੌਖਾ ਹੋਇਆ ਗਿਆ ਹੈ। ਅਜਿਹੇ ਸਮੇਂ ਵਿਚ ਸਕੂਲਾਂ ਵਲੋਂ ਬਿਨ੍ਹਾਂ ਖੋਲੇ ਹੀ ਮੋਟੀਆਂ ਸਕੂਲ ਫ਼ੀਸਾਂ ਭਰਨ ਲਈ ਮਾਪਿਆਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਕਾਰਨ ਵਿਦਿਆਰਥੀਆਂ ਦੇ ਮਾਪੇ ਕੋਈ ਵੀ ਗਲਤ ਕਦਮ ਚੁੱਕ ਸਕਦੇ ਹਨ। ਬਿਨ੍ਹਾਂ ਕੰਮ ਤੋਂ ਸਕੂਲਾਂ ਨੂੰ ਦੇਣ ਲਈ ਉਹ ਪੈਸੇ ਕਿਥੋਂ ਲਿਆਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਤਵਾਰ ਨੂੰ ਵੱਡੀ ਬਾਰ੍ਹਾਂਦਰੀ ਵਿਖੇ 8 ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੀਤਾ। ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਿੱਜੀ ਸਕੂਲ ਆਨਲਾਇਨ ਪੜ੍ਹਾਈ ਦੇ ਨਾਮ ਤੇ ਮਾਪਿਆਂ ਨੂੰ ਗੁੰਮਰਾਹ ਕਰਕੇ ਭਾਰੀ ਫ਼ੀਸਾਂ ਜਮਾਂ ਕਰਾ ਕੇ ਲੁੱਟ ਰਹੇ ਹਨ। ਮਾਪਿਆਂ ਨੇ ਕਿਹਾ ਜਦੋਂ ਤੱਕ ਸਕੂਲ ਖੁੱਲ ਨਹੀਂ ਜਾਂਦੇ ਉਦੋਂ ਤੱਕ ਉਹ ਕੋਈ ਵੀ ਫ਼ੀਸ ਜਮਾਂ ਨਹੀਂ ਕਰਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਰੇਂਟਸ ਗਰੁੱਪ ਪਟਿਆਲਾ ਦੇ ਮੈਂਬਰ ਅਮਨਦੀਪ ਸਿੰਘ, ਜਗਤਾਰ ਸਿੰਘ, ਰਜਿੰਦਰ ਕੁਮਾਰ, ਪ੍ਰਵੀਨ ਕੁਮਾਰ ਤੇ ਅਖ਼ਤਰ ਅਲੀ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਨਿੱਜੀ ਸਕੂਲਾਂ ਦੇ ਮਾਪਿਆਂ ਨੂੰ ਇੱਕੋ ਮੰਚ 'ਤੇ ਇੱਕਠਾ ਕਰਕੇ ਇਹ ਗਰੁੱਪ ਬਣਾਇਆ ਗਿਆ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਨਿੱਜੀ ਸਕੂਲਾਂ ਦੇ ਮਨਮਾਨੀ ਖਿਲਾਫ਼ ਸਰਕਾਰ ਨੂੰ ਸੰਕਟ ਦੇ ਸਮੇਂ ਵਿਚ ਦਖ਼ਲ ਅੰਦਾਜ਼ੀ ਕਰਕੇ ਸੁਲਝਾਉਣਾ ਚਾਹੀਦਾ ਹੈ। ਮੀਟਿੰਗ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸੰਘਰਸ਼ ਦੀ ਸ਼ੁਰੂਆਤ ਕਰਨਾ ਹੈ ਤਾਂਕਿ ਸਾਰੇ ਮਾਪਿਆਂ ਨੂੰ ਨਿੱਜੀ ਸਕੂਲਾਂ ਦੀ ਮਨਮਾਨੀ ਖਿਲਾਫ਼ ਇੱਕੋਂ ਪਲੇਟਫ਼ਾਰਮ ਤੇ ਇੱਕਠਾ ਕਰਕੇ ਮੋਰਚਾ ਖੋਲਣਾ ਹੈ। ਮਾਪਿਆਂ ਨੇ ਕਿਹਾ ਕਿ ਸਕੂਲਾਂ ਵਲੋਂ ਹਰ ਸਾਲ ਲਏ ਜਾਣ ਵਾਲੇ ਸਲਾਨਾ ਵਾਧੂ ਖਰਚੇ ਲਏ ਜਾਣਾ ਹਨ। ਇਸ ਲਈ ਦੂਸਰੇ ਸਕੂਲਾਂ ਦੇ ਮਾਪਿਆਂ ਨੂੰ ਗਰੁੱਪ ਨਾਲ ਜੁੜ ਕੇ ਨਿੱਜੀ ਸਕੂਲਾਂ ਦੀ ਲੁੱਟ ਖਿਲਾਫ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਜਲਦ ਹੀ ਉਨ੍ਹਾਂ ਦੇ ਮਾਮਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਵਿਦਿਆਰਥੀਆਂ ਦੇ ਮਾਪਿਆਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੇ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀ ਪੜ੍ਹ ਰਹੇ ਹਨ। ਉਨ੍ਹਾਂ ਨੂੰ ਨਾਲ ਜੁੜਨ ਲਈ ਸੋਸ਼ਲ ਮੀਡੀਆ ਤੇ ਗਰੁੱਪ ਬਣਾਇਆ ਗਿਆ ਹੈ। ਇਸ ਲਈ ਸਭ ਨੂੰ ਗਰੁੱਪ ਨਾਲ ਜੁੜ ਕੇ ਨਿੱਜੀ ਸਕੂਲਾਂ ਦੀ ਲੁੱਟ ਖਿਲਾਫ਼ ਮੋਰਚਾ ਖੋਲਿਆ ਜਾਵੇਗਾ।