ਨਵਦੀਪ ਢੀਂਗਰਾ, ਪਟਿਆਲਾ : ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਫਰੀ ਤੇ ਪੁਰਾਤਨ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਤਿੰਨ ਹਫਤਿਆਂ ਬਾਅਦ ਵੀ ਖਾਲੀ ਹੀ ਹਨ। ਇਸ ਕਾਰਨ ਸਿਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਪਿੰਡ ਵਿਚ ਦੂਰ ਦੁਰਾਡੇ ਦੀ ਸੰਗਤ ਦੇ ਇਕੱਠ ਹੋਣੇ ਸ਼ੁਰੂ ਹੋ ਗਏ ਹਨ।

ਮਾਮਲਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਪ੍ਰਬੰਧ ਤਾਂ ਵਧਾਏ ਗਏ ਹਨ ਪਰ ਸਰੂਪ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। 14 ਅਗਸਤ ਤੋਂ ਇਸ ਮੁੱਦੇ 'ਤੇ ਪਿੰਡ ਕਲਿਆਣ 'ਚ ਮੈਦਾਨ ਭਖਣਾ ਸ਼ੁਰੂ ਹੋਵੇਗਾ ਤੇ 17 ਅਗਸਤ ਨੂੰ ਪਿੰਡ ਵਾਸੀਆਂ ਵੱਲੋਂ ਵੀ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ 15 ਅਗਸਤ ਨੂੰ ਪਿੰਡ ਵਾਸੀਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ, ਜਿਨ੍ਹਾਂ ਦੇ ਭੋਗ 17 ਅਗਸਤ ਨੂੰ ਪਾਏ ਜਾਣਗੇ। ਇਸ ਮੌਕੇ ਪੰਜਾਬ ਭਰ ਦੀਆਂ ਸਿਆਸੀ ਤੇ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਬਾਰੇ ਕੁਝ ਪਤਾ ਨਾ ਲੱਗਣ 'ਤੇ ਇਸੇ ਤਰੀਕ ਨੂੰ ਹੀ ਸਮੂਹ ਸੰਗਤ ਦੀ ਹਾਜ਼ਰੀ ਵਿਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਣਾ ਹੈ।

ਪੰਥਕ ਅਕਾਲੀ ਲਹਿਰ ਨੇ ਪਿੰਡ ਕਲਿਆਣ 'ਚ ਲਾਇਆ ਧਰਨਾ

ਮੰਗਲਵਾਰ ਨੂੰ ਪੰਥਕ ਅਕਾਲੀ ਲਹਿਰ ਦਾ ਵੱਡਾ ਜਥਾ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ ਪੁੱਜਿਆ। ਜਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਫਦ ਨਾਲ ਗੱਲ ਨਾ ਕੀਤੀ ਗਈ ਤਾਂ ਜਥੇ ਵੱਲੋਂ ਪਿੰਡ ਦੀ ਮੁੱਖ ਸੜਕ 'ਤੇ ਧਰਨਾ ਲਾ ਦਿੱਤਾ ਗਿਆ। ਕਰੀਬ ਇਕ ਘੰਟਾ ਲੱਗੇ ਇਸ ਧਰਨੇ ਦੌਰਾਨ ਨਾਭਾ ਰੋਡ 'ਤੇ ਆਵਾਜਾਈ ਠੱਪ ਰਹੀ।

ਇਸ ਤੋਂ ਬਾਅਦ ਐੱਸਪੀ ਹਰਮੀਦ ਸਿੰਘ ਹੁੰਦਲ ਵੱਲੋਂ ਮੌਕੇ 'ਤੇ ਪੁੱਜ ਕੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ। ਪੰਥਕ ਅਕਾਲੀ ਲਹਿਰ ਦੇ ਸੂਬਾ ਕਮੇਟੀ ਮੈਂਬਰ ਸਰੂਪ ਸਿੰਘ ਸੰਧਾ, ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ, ਗੁਰਮੀਤ ਸਿੰਘ ਮਰੋੜੀ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਵੀ ਗੱਲ ਕਰਨ ਲਈ ਤਿਆਰ ਨਹੀਂ ਹੈ ਤੇ ਪੁਲਿਸ ਵੱਲੋਂ ਵੀ ਹਾਲੇ ਤਕ ਕੁਝ ਨਹੀਂ ਕੀਤਾ ਗਿਆ ਹੈ। ਇਸ ਲਈ ਹੁਣ 14 ਅਗਸਤ ਨੂੰ ਮੁੜ ਪਿੰਡ ਕਲਿਆਣ ਵਿਚ ਇਕੱਤਰਤਾ ਕੀਤੀ ਜਾਵੇਗੀ।

'ਪਹਿਲੀ ਵਿਸ਼ਵ ਜੰਗ ਸਮੇਂ ਦਾ ਹੈ ਸਫਰੀ ਸਰੂਪ'

ਪਿੰਡ ਵਾਸੀਆਂ ਅਨੁਸਾਰ ਪਹਿਲੀ ਵਿਸ਼ਵ ਜੰਗ ਸਮੇਂ ਅੰਗਰੇਜ਼ਾਂ ਵੱਲੋਂ ਸਿੱਖ ਫੌਜੀਆਂ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਸਫਰੀ ਸਰੂਪ ਤਿਆਰ ਕਰਵਾਏ ਗਏ ਸਨ, ਜਿਨ੍ਹਾਂ ਦਾ ਆਕਾਰ ਕਰੀਬ ਡੇਢ ਇੰਚ ਤਕ ਦਾ ਸੀ ਤਾਂ ਜੋ ਸਿੱਖ ਫੌਜੀ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਮੁੱਖ ਵਾਕ ਲੈ ਕੇ ਮੋਰਚਾ ਫਤਿਹ ਕਰਨ।

ਇਸੇ ਤਰ੍ਹਾਂ ਦੇ ਸਫਰੀ ਤੇ ਪੁਰਾਤਨ ਸਰੂਪ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਤੇ ਭਾਈ ਡੱਲਾ ਸਾਹਿਬ ਦਮਦਮਾ ਸਾਹਿਬ ਵਿਖੇ ਵੀ ਸੁਸ਼ੋਭਿਤ ਹਨ। ਇਨ੍ਹਾਂ ਵਿਚੋਂ ਹੀ ਇਕ ਪਵਿੱਤਰ ਸਰੂਪ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਚ ਸੁਸ਼ੋਭਿਤ ਸੀ, ਜਿਸਨੂੰ ਪੁਰਾਣੇ ਸਮਿਆਂ ਵਿਚ ਸੰਤ ਬਾਬਾ ਕ੍ਰਿਪਾਲ ਸਿੰਘ ਲੈ ਕੇ ਪੁੱਜੇ ਸਨ।

ਸਚਾਈ ਜਲਦ ਲਿਆਵਾਂਗੇ ਸਾਹਮਣੇ : ਐੱਸਪੀ ਹੁੰਦਲ

ਮਾਮਲੇ ਦੀ ਜਾਂਚ ਕਰ ਰਹੇ ਐੱਸਪੀ (ਜਾਂਚ) ਹਰਮੀਤ ਸਿੰਘ ਹੁੰਦਲ ਨੇ ਕਿਹਾ ਕਿ ਡੂੰਘਾਈ ਨਾਲ ਹਰ ਪੱਖੋਂ ਪੜਤਾਲ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰੇ ਤੇ ਇਥੇ ਰੋਜ਼ਾਨਾ ਸੇਵਾ ਕਰਨ ਵਾਲਿਆਂ ਕੋਲੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਜਲਦ ਹੀ ਸੱਚਾਈ ਸਾਰਿਆਂ ਸਾਹਮਣੇ ਲਿਆਂਦੀ ਜਾਵੇਗੀ। ਉਨ੍ਹਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਖ ਸੰਗਤ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ।