ਐਚ.ਐਸ ਸੈਣੀ, ਰਾਜਪੁਰਾ : ਇਥੋਂ ਦੇ ਟਾਹਲੀ ਵਾਲਾ ਚੌਕ ਵਿੱਚਕਾਰ ਸ਼ਨਿਚਰਵਾਰ ਨੂੰ ਭਾਜਪਾ ਜ਼ਿਲ੍ਹਾ ਦੇਹਾਤੀ ਉੱਤਰੀ ਦੇ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਕੀਤੇ ਗਏ ਪਥਰਾਅ ਅਤੇ ਸਿੱਖਾਂ ਉੱਤੇ ਕੀਤੇ ਗਏ ਹਮਲਿਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ ਕਰਨ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ ਕੁੱਟਮਾਰ ਕਰਨ ਦੀ ਭਾਜਪਾ ਸਖਤ ਸ਼ਬਦਾਂ 'ਚ ਨਿੰਦਿਆ ਕਰਦੀ ਹੈ। ਜਿਸਦੇ ਵਿਰੋਧ ਵਿੱਚ ਭਾਜਪਾ ਵੱਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਜਰੂਰਤਮੰਦਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ, ਪਰ ਸਿੱਖ ਭਾਈਚਾਰੇ ਨਾਲ ਵਾਪਰੀ ਇਸ ਘਟਨਾ ਸਬੰਧੀ ਭਾਜਪਾ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਜ਼ਿਲ੍ਹਾ ਇੰਚਾਰਜ ਆਰ.ਐਸ. ਗਿੱਲ ਨੇ ਕਿਹਾ ਕਿ ਨਨਕਾਨਾ ਸਾਹਿਬ ਵਿੱਚ ਹੋਈ ਦੁੱਖਦਾਈ ਘਟਨਾ ਨੂੰ ਲੈ ਕੇ ਪੰਜਾਬ ਦੇ ਲੋਕਾਂ ਖਾਸਕਰ ਸਿੱਖਾਂ ਵਿੱਚ ਕਾਫ਼ੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਭਾਜਪਾ ਇਸ ਘਟਨਾ ਦੀ ਘੋਰ ਸ਼ਬਦਾਂ 'ਚ ਨਿੰਦਿਆ ਕਰਦੀ ਹੈ। ਇਸ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ, ਰਿੰਕੂ ਸਲੇੇਮਪੁਰ, ਸ਼ਾਮ ਸੁਦੰਰ ਵਧਵਾ, ਡਾ. ਸੰਜੀਵ ਚੌਧਰੀ, ਗੁਰਮੁੱਖ ਸਿੰਘ ਉਪਲਹੇੜੀ, ਕੌਂਸਲਰ ਹਰਦੇਵ ਸਿੰਘ ਕੰਡੇਵਾਲਾ, ਜਰਨੈਲ ਸਿੰਘ ਹੈਪੀ ਆਦਿ ਨੇਤਾ ਮੌਜੂਦ ਰਹੇ।