ਹਰਿੰਦਰ ਸ਼ਾਰਦਾ, ਪਟਿਆਲਾ

ਮੁੱਖ ਮੰਤਰੀ ਦੇ ਸ਼ਹਿਰ ਦੇ ਮੇਅਰ ਦੇ ਵਾਰਡ ਨੰਬਰ 42 ਦੀ ਗੁਰੂ ਨਾਨਕ ਗਲੀ ਦੇ ਵਾਸੀਆਂ ਨੇ ਮਾੜੀ ਸੀਵਰੇਜ ਪ੍ਰਣਾਲੀ ਤੋਂ ਪ੍ਰਰੇਸ਼ਾਨ ਲੋਕਾਂ ਨੇ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਨਗਰ 'ਚ ਕੁੱਝ ਸਾਲ ਪਹਿਲਾਂ ਸੀਵਰੇਜ਼ ਪਵਾ ਕੇ ਮਾੜੀ ਪਾਇਪ ਲਾਈਨ ਪਾਈ ਗਈ ਸੀ। ਜਿਸ ਦੇ ਚੱਲਦਿਆਂ ਜਦੋਂ ਵੀ ਹਲਕੀ ਬਰਸਾਤ ਪੈਂਦੀ ਹੈ ਤਾਂ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਦੀ ਨਿਗਮ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਸੀਵਰੇਜ਼ ਦੀ ਸਮੱਸਿਆ ਹੱਲ ਕੀਤੀ ਜਾਵੇ। ਨਹੀਂ ਤਾਂ ਲੋਕਾਂ ਵਲੋਂ ਨਗਰ ਨਿਗਮ ਦਾ ਮੁੱਖ ਗੇਟ ਬੰਦ ਕਰਕੇ ਤਿੱਖਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਵਾਰਡ ਵਾਸੀ ਅਰਵਿੰਦਰ ਕੁਮਾਰ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਪੂਜਾ ਕੁਮਾਰੀ, ਸੁਭਾਸ਼ ਕੁਮਾਰ, ਸ਼ਾਮ ਲਾਲ , ਦਿਨੇਸ਼ ਕੁਮਾਰ, ਰਾਜੂ ਕੁਮਾਰ, ਰਾਜ ਰਾਣੀ ਆਦਿ ਨੇ ਦੱਸਿਆ ਕਿ 5 ਸਾਲ ਪਹਿਲਾਂ ਉਨ੍ਹਾਂ ਦੇ ਵਾਰਡ ਵਿਚ ਸੀਵਰੇਜ਼ ਦੀ ਪਾਇਪ ਲਾਈਨ ਨਗਰ ਨਿਗਮ ਵਲੋਂ ਪਵਾਈ ਗਈ ਸੀ। ਨਿਗਮ ਵਲੋਂ ਗੰਦੇ ਪਾਣੀ ਨੂੰ ਕੱਢਣ ਲਈ ਸਿਰਫ਼ 10 ਇੰਚ ਦੀ ਸੀਵਰੇਜ਼ ਦੀ ਪਾਈਪ ਲਾਈਨ ਪਵਾਈ ਗਈ ਸੀ। ਜਿਸ ਵਿਚੋਂ ਗੰਦੇ ਪਾਣੀ ਦਾ ਨਿਕਾਸ ਵੀ ਬੜੀ ਮੁਸ਼ਕਿਲ ਨਾ ਹੁੰਦਾ ਹੈ। ਇਸ ਦੇ ਨਾਲ ਹੀ ਨਿਗਮ ਵਲੋਂ ਨਾਲੀਆਂ ਦੇ ਪਾਣੀ ਨੂੰ ਵੀ ਸੀਵਰੇਜ਼ ਵਿਚ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਨਾਲੀਆ ਵਿਚ ਨਾਲ ਲੱਗਦੇ ਬਜ਼ਾਰ ਦਾ ਗੰਦਾ ਪਾਣੀ ਤੇ ਹੋਰ ਗੰਦਗੀ ਵੀ ਆ ਰਿਹਾ ਹੈ। ਅਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਇਥੇ ਗੋਡੇ-ਗੋਡੇ ਪਾਣੀ ਭਰ ਜਾਂਦਾ ਹੈ ਤੇ ਘਰਾਂ ਵਿਚ ਵੀ ਗੰਦਾ ਪਾਣੀ ਦਾਖਲ ਹੋ ਜਾਂਦਾ ਹੈ। ਗੰਦੇ ਪਾਣੀ ਕਾਰਨ ਲੋਕਾਂ ਦੇ ਘਰਾਂ ਵਿਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ। ਲੋਕਾਂ ਵਿਚ ਡਰ ਬਣਿਆ ਹੋਇਆ ਕਿ ਜੇਕਰ ਇਹੋ ਹਲਾਤ ਰਹੇ ਤਾਂ ਵਾਰਡ ਵਿਚ ਭਿਆਨਕ ਬਿਮਾਰੀਆਂ ਵੀ ਫ਼ੈਲ ਸਕਦੀਆਂ ਹਨ। ਦਿਨੇਸ਼ ਕੁਮਾਰ ਨੇ ਕਿਹਾ ਕਿ ਉਹ ਇਸ ਸਬੰਧੀ ਉਹ ਮੇਅਰ ਤੇ ਨਿਗਮ ਦੇ ਉਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਚੁਕੇ ਹਾਂ ਪਰ ਇੱਕ ਵਾਰ ਅਧਿਕਾਰੀਆਂ ਨੇ ਪੁੱਜ ਕੇ ਜਾਇਜ਼ਾ ਲੈ ਕੇ ਸਿਰਫ਼ ਭਰੋਸੇ ਤੋਂ ਸਿਵਾ ਕੁਝ ਵੀ ਨਹੀਂ ਕੀਤਾ ਗਿਆ ਹੈ। ਲੋਕਾਂ ਦਾ ਰੋਸ ਹੁਣ ਨਗਰ ਨਿਗਮ ਖਿਲਾਫ਼ ਭਖ਼ਦਾ ਜਾ ਰਿਹਾ ਹੈ। ਇਸ ਮੌਕੇ ਲੋਕਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਸੀਵਰੇਜ਼ ਦੀ ਸਮੱਸਿਆ ਹੱਲ ਨਾ ਕਰਵਾਈ ਗਈ ਤਾਂ ਉਨ੍ਹਾਂ ਵਲੋਂ ਨਗਰ ਨਿਗਮ ਦੇ ਗੇਟ ਨੂੰ ਤਾਲਾ ਲੱਗਾ ਕੇ ਉਥੇ ਪੱਕਾ ਧਰਨਾ ਲੱਗਾ ਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਕਮਲ ਕਲੇਸ਼, ਸਜਣੀ ਕੁਮਾਰੀ, ਸੁਰਜ ਕੁਮਾਰ, ਵਿਪਨ ਕੁਮਾਰ, ਗੋਲਡੀ ਸਿੰਘ, ਬੱਬੀ ਕੁਮਾਰ, ਸ਼ਿਵ ਕੁਮਾਰੀ ਆਦਿ ਹਾਜ਼ਰ ਸਨ।

-----

ਸਮੱਸਿਆ ਪਹਿਲ ਦੇ ਅਧਾਰ 'ਤੇ ਕੀਤੀ ਜਾਵੇਗੀ ਹੱਲ : ਐਕਸੀਅਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਐਕਸੀਅਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਗੁਰੂ ਨਾਨਕ ਗਲੀ ਬਹੁਤ ਵੱਡੀ ਹੈ। ਇਸ ਗਲੀ ਵਿਚ ਕੁਝ ਸਮੇਂ ਪਹਿਲਾਂ ਹੀ ਨਵੀਂ ਸੀਵਰੇਜ਼ ਦੀ ਪਾਈਪ ਲਾਈਨ ਨਕਸ਼ੇ ਮੁਤਾਬਕ ਪਾਈ ਗਈ ਸੀ, ਜੇਕਰ ਵਾਰਡ ਵਾਸੀਆਂ ਸੀਵਰੇਜ਼ ਪ੍ਰਣਾਲੀ ਕਾਰਨ ਦਿੱਕਤਾਂ ਆ ਰਹੀਆਂ ਹਨ ਤਾਂ ਨਗਰ ਵਾਸੀ ਉਨ੍ਹਾਂ ਕੋਲ ਆ ਕੇ ਲਿਖ਼ਤ ਰੂਪ ਵਿਚ ਸ਼ਿਕਾਇਤ ਕਰ ਸਕਦੇ ਹਨੇ। ਲੋਕਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਤਾਂਕਿ ਭਵਿੱਖ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।