ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ 7 ਮਾਰਚ ਨੂੰ ਪਟਿਆਲਾ ਸ਼ਹਿਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਸਹਾਇਕ ਕਮਿਸ਼ਨਰ (ਜਨਰਲ) ਇਸਮਿਤਵਿਜੇ ਸਿੰਘ ਰਾਹੀਂ ਮੰਗ-ਪੱਤਰ ਦਿੱਤਾ ਗਿਆ ਤਾਂ ਜੋ ਇਨ੍ਹਾਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਤੈਅ ਕਰਵਾਈ ਜਾ ਸਕੇ।

ਇਸ ਮੌਕੇ ਮੋਰਚੇ ਕਨਵੀਨਰਾਂ ਸੁਖਦੇਵ ਸੈਣੀ, ਭੁਪਿੰਦਰ ਵੜੈਚ ਅਤੇ ਗੋਪਾਲ ਦੱਤ ਜੋਸ਼ੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲਗਾਤਾਰ ਅਣਗੋਲਿਆਂ ਕੀਤਾ ਗਿਆ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਮੁਲਾਜ਼ਮ ਵਰਗ ਦੀਆਂ ਸਹੂਲਤਾਂ 'ਤੇ ਲਗਾਤਾਰ ਕੱਟ ਲਾ ਰਹੀ ਹੈ, ਜਿਸਦੀ ਮਿਸਾਲ ਪੰਜਾਬ ਦੇ ਮੁਲਾਜ਼ਮਾਂ 'ਤੇ ਲਾਗੂ ਕੀਤੇ ਕੇਂਦਰੀ ਤਨਖਾਹ ਸਕੇਲ, ਕੇਂਦਰ ਸਰਕਾਰ ਵੱਲੋਂ ਵਧਾਏ ਗਏ 4 ਫ਼ੀਸਦੀ ਹਿੱਸੇ ਨੂੰ ਆਮਦਨ ਟੈਕਸ ਦੇ ਘੇਰੇ ਵਿਚ ਲਿਆਉਣ, ਵੱਖ-ਵੱਖ ਵਿਭਾਗਾਂ ਵਿਚੋਂ ਕੀਤੇ ਜਾ ਰਹੇ ਪੋਸਟਾਂ ਦੇ ਖ਼ਾਤਮੇ ਅਤੇ ਮੁਲਾਜ਼ਮਾਂ 'ਤੇ ਜਬਰੀ ਥੋਪੇ ਗਏ 200 ਰੁਪਏ ਡਿਵੈੱਲਪਮੈਂਟ ਟੈਕਸ ਤੋਂ ਵੇਖੀ ਜਾ ਸਕਦੀ ਹੈ। ਮੋਰਚੇ ਦੇ ਸੂਬਾ ਆਗੂਆਂ ਜਰਮਨਜੀਤ ਛੱਜਲਵੱਡੀ, ਓਮ ਪ੍ਰਕਾਸ਼, ਰਵਿੰਦਰ ਲੂਥਰਾ, ਹਰਪਾਲ ਸਿੰਘ, ਰਤਨ ਸਿੰਘ ਮਜਾਰੀ, ਸੁਖਰਾਜ ਸਿੰਘ ਅਤੇ ਕਿਰਨਜੀਤ ਕੌਰ ਮੋਹਾਲੀ ਨੇ ਆਖਿਆ ਕਿ 7 ਮਾਰਚ ਦੀ ਮਾਲ ਰੋਡ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਤੋਂ ਬਿਨਾਂ ਕਿਸੇ ਠੋਸ ਗੱਲਬਾਤ ਦੇ ਉਹ ਪਿੱਛੇ ਨਹੀਂ ਹਟਣਗੇ। ਇਸ ਮੌਕੇ ਮੁਲਾਜ਼ਮ ਆਗੂ ਹਰਦੀਪ ਟੋਡਰਪੁਰ, ਵਿਕਰਮ ਦੇਵ ਸਿੰਘ, ਸ਼ੀਸ਼ਨ ਕੁਮਾਰ, ਪ੍ਰਵੀਨ ਸ਼ਰਮਾਂ, ਜਗਤਾਰ ਸਿੰਘ, ਅਕਸ਼ੇ ਖਨੌਰੀ, ਕਵਰਜੀਤ ਧਾਲੀਵਾਲ, ਚਮਕੌਰ ਸਿੰਘ ਆਦਿ ਵੀ ਹਾਜ਼ਰ ਰਹੇ।